#PUNJAB

ਸਾਬਕਾ ਅੱਤਵਾਦੀ ਕਤਲ ਮਾਮਲਾ: ਮੁੱਖ ਹਮਲਾਵਰ ਨੇ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੀਤੀ ਸੀ ਕੋਸ਼ਿਸ਼ , ਪੁਲਿਸ ਗੋਲੀਬਾਰੀ ਵਿੱਚ ਹੋਇਆ ਫੱਟੜ ; ਦੋ ਹਥਿਆਰ ਬਰਾਮਦ

– ਗ੍ਰਿਫਤਾਰ ਦੋਸ਼ੀ ਸਿਮਰਨਜੀਤ ਉਰਫ਼ ਬੱਬਲੂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਹੈ ਮੈਂਬਰ
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
– ਸੀਆਈ ਜਲੰਧਰ ਦੀ ਪੁਲਿਸ ਟੀਮ ਦੋਸ਼ੀ ਨੂੰ ਉਸ ਥਾਂ ‘ਤੇ ਲਿਜਾ ਰਹੀ ਸੀ , ਜਿੱਥੇ ਉਸਨੇ ਰਤਨਦੀਪ ਦੇ ਕਤਲ ‘ਚ ਵਰਤੀ ਗਈ ਪਿਸਤੌਲ ਛੁਪਾ ਕੇ ਰੱਖੀ ਸੀ : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਜਲੰਧਰ, 8 ਜੁਲਾਈ (ਪੰਜਾਬ ਮੇਲ)- ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਮੈਂਬਰ ਸਿਮਰਨਜੀਤ ਸਿੰਘ ਉਰਫ਼ ਬਬਲੂ, ਜੋ ਕਿ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਕਤਲ ਕੇਸ ਵਿਚ ਮੁੱਖ ਹਮਲਾਵਰ ਹੈ, ਜਲੰਧਰ ਸ਼ਹਿਰ ਦੇ ਬਾਹਰਵਾਰ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਦੌਰਾਨ, ਦੋਵੇਂ ਲੱਤਾਂ ਤੇ ਗੋਲੀਆਂ ਲੱਗਣ ਕਾਰਨ ਫੱਟੜ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ 3 ਅਪ੍ਰੈਲ 2024 ਨੂੰ ਐੱਸ.ਬੀ.ਐੱਸ. ਨਗਰ ਵਿਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਉਕਤ ਦੋਸ਼ੀ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਤੋਂ ਬਾਅਦ ਹੀ ਜਦੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਮੁਲਜ਼ਮ ਸਿਮਰਨਜੀਤ ਬਬਲੂ ਨੂੰ ਉਸਦੇ ਖੁਲਾਸੇ ਮੁਤਾਬਕ ਦੱਸੇ ਟਿਕਾਣੇ ਤੇ ਉਸ ਵੱਲੋਂ ਰਤਨਦੀਪ ਕਤਲ ਕੇਸ ਵਿਚ ਵਰਤੀ ਗਈ ਪਿਸਤੌਲ ਬਰਾਮਦ ਕਰਨ ਲਿਜਾ ਰਹੀ ਸੀ, ਤਾਂ ਉਸਨੇ ਪੁਲਿਸ ‘ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਨੂੰ ਰੋਕਣ ਲਈ ਪੁਲਿਸ ਟੀਮਾਂ ਨੂੰ ਗੋਲੀ ਚਲਾਉਣੀ ਪਈ ਤੇ ਦੋਸ਼ੀ ਫੱਟੜ ਹੋ ਗਿਆ ਅਤੇ ਨਜ਼ਦੀਕੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਪੁਲਿਸ ਟੀਮਾਂ ਨੇ ਦੋਸ਼ੀ ਪਾਸੋਂ 2 ਆਧੁਨਿਕ ਹਥਿਆਰ- ਇੱਕ .32 ਵੈਬਲੇ ਰਿਵਾਲਵਰ ਅਤੇ ਇੱਕ .32 ਪਿਸਤੌਲ ਸਮੇਤ ਇੱਕ ਮੈਗਜ਼ੀਨ ਅਤੇ 19 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਸਿਮਰਨਜੀਤ ਬਬਲੂ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੋਪੀ ਨਵਾਂਸ਼ਹਿਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਕਹਿਣ ‘ਤੇ ਹੀ  ਆਪਣੇ ਦੂਜੇ ਸਾਥੀ ਹਮਲਾਵਰ, ਜਿਸਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੀ ਕੁਲਾਮ ਵਜੋਂ ਹੋਈ ਹੈ, ਨੇ ਸਮਾਜ ਵਿਚ ਦਹਿਸ਼ਤ ਫੈਲਾਉਣ ਲਈ ਸਾਬਕਾ ਖਾੜਕੂ ਰਤਨਦੀਪ ਸਿੰਘ ਦੀ ਮਿੱਥ ਕੇ ਹੱਤਿਆ ਕੀਤੀ ਸੀ। ਜਾਣਕਾਰੀ ਮੁਤਾਬਕ ਦੋਸ਼ੀ ਜੱਸੀ ਕੁਲਾਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਭੱਜਣ ‘ਚ ਕਾਮਯਾਬ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਆਰਮਜ਼ ਐਕਟ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਹੈ ਅਤੇ ਇਸ ਮਾਮਲੇ ਵਿਚ ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੂਫੀਆ ਇਤਲਾਹ ਦੇ ਆਧਾਰ ‘ਤੇ ਸੀ.ਆਈ. ਜਲੰਧਰ ਦੀਆਂ ਪੁਲਿਸ ਟੀਮਾਂ ਨੇ ਦਿਓਲ ਨਗਰ ਕਲੋਨੀ, ਜਲੰਧਰ ਦੇ ਖੇਤਰ ਵਿਚ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਬਬਲੂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਕੱਟੜ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਕਤਲ, ਇਰਾਦਾ-ਕਤਲ ਅਤੇ ਅਸਲਾ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਬਲੂ ਅੰਮ੍ਰਿਤਸਰ ਪੁਲਿਸ ਦੇ ਇੱਕ ਏ.ਐੱਸ.ਆਈ. ਦੇ ਕਤਲ ਵਿਚ ਵੀ ਸ਼ਾਮਲ ਹੈ।
ਇਸ ਸਬੰਧੀ ਐੱਫ.ਆਈ.ਆਰ. ਨੰ. 39 ਮਿਤੀ 07.07.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 61(2) ਅਧੀਨ ਕੇਸ ਦਰਜ ਕੀਤਾ ਗਿਆ ਹੈ।