#AMERICA

ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਜਮਹੂਰੀਅਤ ਲਈ ਖ਼ਤਰਾ: ਬਾਇਡਨ

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਦੌੜ ‘ਚ ਸ਼ਾਮਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰਵਾਇਤੀ ਵਿਰੋਧੀ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੇਸ਼ ਦੀ ਜਮਹੂਰੀਅਤ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੇ ਕਾਰਜਕਾਲ ‘ਚ ਜਮਹੂਰੀਅਤ ਤੇ ਦੇਸ਼ ਦੀ ਆਜ਼ਾਦੀ ਖ਼ਤਰੇ ਵਿਚ ਸੀ। ਬਾਇਡਨ ਦੇ ਦੋਸ਼ ਲਾਇਆ ਕਿ ਟਰੰਪ ਨੇ ਰੂਸ ਅੱਗੇ ਗੋਡੇ ਟੇਕੇ ਅਤੇ ‘ਗੁੱਸੇ, ਵੈਰ-ਵਿਰੋਧ ਤੇ ਰਾਜ ਪਲਟੇ’ ਦੀ ਹਮਾਇਤ ਕੀਤੀ। ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਆਪਣੇ ਆਖਰੀ ਸਟੇਟ ਆਫ਼ ਦਿ ਯੂਨੀਅਨ ਸੰਬੋਧਨ ਦੌਰਾਨ ਬਾਇਡਨ ਨੇ ਟਰੰਪ ਦਾ ਨਾਮ ਲਏ ਬਿਨਾਂ ਆਪਣੀ ਤਕਰੀਰ ਦੌਰਾਨ ਘੱਟੋ-ਘੱਟ 13 ਵਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਦਾ ਜ਼ਿਕਰ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਵਜੋਂ ਕੀਤਾ। ਸੁਪਰ ਮੰਗਲਵਾਰ ਮਗਰੋਂ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੁੱਖ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ ਤੈਅ ਹੋ ਗਿਆ ਹੈ। ਬਾਇਡਨ (81), ਜੋ ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਹਨ, ਨੇ ਟਰੰਪ (77) ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਾਰੇ ਹਾਲੀਆ ਟਿੱਪਣੀ, ਪਰਵਾਸ, ਜਨਵਰੀ 6 ਦੀ ਬਗਾਵਤ (ਅਮਰੀਕੀ ਸੰਸਦ ‘ਤੇ ਹਮਲੇ), ਗਰਭਪਾਤ ਤੇ ਗੰਨ ਕੰਟਰੋਲ ਜਿਹੇ ਵੱਖ ਵੱਖ ਮੁੱਦਿਆਂ ‘ਤੇ ਘੇਰਿਆ। ਅਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਬਾਇਡਨ ਨੇ ਕਿਹਾ, ”ਇਕ ਰਾਸ਼ਟਰਪਤੀ, ਜਿਸ ਕੋਲ ਮੇਰੇ ਤੋਂ ਪਹਿਲਾਂ ਦੇਸ਼ ਦੀ ਕਮਾਨ ਸੀ, ਆਪਣੇ ਬੁਨਿਆਦੀ ਫ਼ਰਜ਼ ਨਿਭਾਉਣ ਵਿਚ ਵੀ ਨਾਕਾਮ ਰਿਹਾ। ਕਿਸੇ ਵੀ ਰਾਸ਼ਟਰਪਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਮਰੀਕੀ ਲੋਕਾਂ ਦੀ ਸੰਭਾਲ ਕਰੇ। ਇਹ ਨਾਮੁਆਫ਼ੀਯੋਗ ਹੈ। ਹੁਣ ਸਾਬਕਾ ਰਿਪਬਲਿਕਨ ਰਾਸ਼ਟਰਪਤੀ (ਟਰੰਪ), ਪੂਤਿਨ ਨੂੰ ਕਹਿੰਦਾ ਹੈ, ”ਤੂੰ ਜੋ ਕਰਨਾ ਹੈ ਕਰ ਲੈ”।

‘ਭਾਰਤ ਨਾਲ ਭਾਈਵਾਲੀ ਮਜ਼ਬੂਤ ਕਰ ਰਿਹੈ ਅਮਰੀਕਾ’
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਥਿਕ ਵਿਵਹਾਰ, ਤਾਇਵਾਨ ਜਲ-ਡਮਰੂ ਖੇਤਰ ਵਿਚ ਸ਼ਾਂਤੀ ਤੇ ਸੁਰੱਖਿਆ ਲਈ ਚੀਨ ਖਿਲਾਫ਼ ਖੜ੍ਹਾ ਹੈ ਅਤੇ ਭਾਰਤ ਜਿਹੇ ਸਹਿਯੋਗੀਆਂ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਖਰੀ ‘ਸਟੇਟ ਆਫ਼ ਦਿ ਯੂਨੀਅਨ’ ਸੰਬੋਧਨ ਵਿਚ ਬਾਇਡਨ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਟਕਰਾਅ ਨਹੀਂ ਬਲਕਿ ਮੁਕਾਬਲਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪੇਈਚਿੰਗ ਖਿਲਾਫ਼ 21ਵੀਂ ਸਦੀ ਵਿਚ ਮੁਕਾਬਲਾ ਜਿੱਤਣ ਲਈ ਮਜ਼ਬੂਤ ਸਥਿਤੀ ਵਿਚ ਹੈ।