– ਭਾਰਤੀ ਕੌਂਸਲੇਟ ਨੂੰ ਦੂਜੀ ਵਾਰ ਬਣਾਇਆ ਗਿਆ ਨਿਸ਼ਾਨਾ
– ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਨਿਖੇਧੀ
ਸਾਨ ਫਰਾਂਸਿਸਕੋ, 5 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦਫਤਰ ‘ਤੇ ਹਮਲਾ ਕਰਕੇ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ ਤੜਕੇ ਡੇਢ ਤੋਂ ਢਾਈ ਵਜੇ ਦਰਮਿਆਨ ਵਾਪਰੀ। ਕਥਿਤ ਤੌਰ ‘ਤੇ ਕੁੱਝ ਗਰਮ ਖਿਆਲੀ ਸਮਰਥਕਾਂ ਨੇ ਭਾਰਤੀ ਕੌਂਸਲੇਟ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਮੁੱਖ ਗੇਟ ਦੇ ਸਾਹਮਣੇ ਫਰਸ਼ ‘ਤੇ ਹੀ ਲਗਾਈ ਗਈ। ਪਰ ਇਸ ਅੱਗ ਨਾਲ ਕੌਂਸਲੇਟ ਦਫਤਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪਿਛਲੇ ਕੁੱਝ ਮਹੀਨਿਆਂ ਦੌਰਾਨ ਕਥਿਤ ਗਰਮ ਖਿਆਲੀ ਸਮਰਥਕਾਂ ਵੱਲੋਂ ਭਾਰਤੀ ਕੌਂਸਲੇਟ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।
ਸਾਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਲੱਗੀ ਅੱਗ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਕਥਿਤ ਗਰਮ ਖਿਆਲੀ ਸਮਰਥਕਾਂ ਨੇ ਇਸ ਘਟਨਾ ਸੰਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਹੈ। ਜਾਰੀ ਕੀਤੀ ਵੀਡੀਓ ਵਿਚ ਸਾਨ ਫਰਾਂਸਿਸਕੋ ਇੰਡੀਅਨ ਕੌਂਸਲੇਟ ਦਫਤਰ ਨੂੰ ਅੱਗ ਦੀਆਂ ਲਪਟਾਂ ਵਿਚ ਦਿਖਾਇਆ ਗਿਆ ਹੈ ਅਤੇ ਖਾਲਿਸਤਾਨੀ ਪੱਖੀ ਨਾਅਰੇ ਲਾਏ ਗਏ ਹਨ ਅਤੇ ਪਿਛਲੇ ਦਿਨੀਂ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਟਵਿਟ ਕਰਕੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਿਚ ਅੱਗ ਲਾਉਣ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਖਿਲਾਫ ਭੰਨ-ਤੋੜ ਜਾਂ ਹਿੰਸਾ ਇਕ ਸੰਗੀਨ ਅਪਰਾਧ ਵਜੋਂ ਮੰਨਿਆ ਜਾਂਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਥਿਤ ਗਰਮ ਖਿਆਲੀ ਸਮਰਥਕਾਂ ਵੱਲੋਂ ਕੀਤੀ ਅਗਜ਼ਨੀ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਸਾਨ ਫਰਾਂਸਿਸਕੋ ਕੌਂਸਲੇਟ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਸਮੁੱਚੇ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪ੍ਰੋਟੈਸਟ ਕਰਨਾ ਹੈ, ਉਹ ਸ਼ਾਂਤੀਪੂਰਵਕ ਹੋ ਸਕਦਾ ਹੈ। ਕੈਨੇਡਾ ਵਿਚ ਹੋਈ ਵਾਰਦਾਤ ਦਾ ਅਮਰੀਕਾ ਸਥਿਤ ਇਸ ਦਫਤਰ ਦਾ ਕੋਈ ਸੰਬੰਧ ਨਹੀਂ ਹੈ।