-ਕਾਰ ਡਰਾਈਵਰ ਪੁਲਿਸ ਦੀ ਕਾਰਵਾਈ ‘ਚ ਮਾਰਿਆ ਗਿਆ
ਸੈਕਰਾਮੈਂਟੋ, 13 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਾਨ ਫਰਾਂਸਿਸਕੋ ਸਥਿਤ ਚੀਨ ਦੇ ਕੌਂਸਲਖਾਨੇ (ਵੀਜ਼ਾ ਦਫਤਰ) ਵਿਚ ਉਸ ਵੇਲੇ ਹਾਲਾਤ ਬਹੁਤ ਤਣਾਅਪੂਰਨ ਬਣ ਗਏ, ਜਦੋਂ ਇਕ ਤੇਜ਼ ਰਫਤਾਰ ਕਾਰ ਅੰਦਰ ਵੜ ਕੇ ਇਕ ਕੰਧ ਨਾਲ ਟਕਰਾ ਕੇ ਤਬਾਹ ਹੋ ਗਈ। ਅਧਿਕਾਰੀਆਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਾਰ ਦਾ ਡਰਾਈਵਰ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ। ਸਾਨ ਫਰਾਂਸਿਸਕੋ ਪੁਲਿਸ ਵਿਭਾਗ ਦੇ ਬੁਲਾਰੇ ਸਾਰਜੈਂਟ ਕੈਥਰਾਇਨ ਵਿੰਟਰਜ ਅਨੁਸਾਰ ਇਹ ਘਟਨਾ ਦੁਪਹਿਰ ਬਾਅਦ 3.09 ਵਜੇ ਦੇ ਆਸ-ਪਾਸ ਵਾਪਰੀ, ਜਦੋਂ ਇਕ ਕਾਰ ਕੌਂਸਲੇਟ ਜਨਰਲ ਆਫ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਲਾਬੀ ਖੇਤਰ ਵਿਚ ਕੰਧ ਨਾਲ ਟਕਰਾ ਗਈ। ਇਸ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੁਲਾਰੇ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਜਦੋਂ ਘਟਨਾ ਵਾਪਰੀ ਉਸ ਵੇਲੇ ਕਿੰਨੇ ਲੋਕ ਕੌਂਸਲਖਾਨੇ ਵਿਚ ਮੌਜੂਦ ਸਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰੰਤੂ ਚੰਗੀ ਗਲ ਇਹ ਹੈ ਕਿ ਉਥੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਪ੍ਰੈੱਸ ਕਾਨਫਰੰਸ ਦੌਰਾਨ ਵਿੰਟਰਜ ਨੇ ਉਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ, ਜਿਨ੍ਹਾਂ ਵਿਚ ਪੁੱਛਿਆ ਗਿਆ ਸੀ ਕਿ ਪੁਲਿਸ ਨੇ ਗੋਲੀ ਕਿਉਂ ਚਲਾਈ ਜਾਂ ਕੀ ਮਾਰਿਆ ਗਿਆ ਵਿਅਕਤੀ ਹਥਿਆਰਬੰਦ ਸੀ। ਕੀ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਹੈ, ਇਸ ਬਾਰੇ ਵੀ ਬੁਲਾਰੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਮਾਰੇ ਗਏ ਵਿਅਕਤੀ ਬਾਰੇ ਜਾਂ ਘਟਨਾ ਬਾਰੇ ਹੋਰ ਕੁਝ ਦੱਸਿਆ ਹੈ। ਚੀਨੀ ਕੌਂਸਲਖਾਨੇ ਦੇ ਬੁਲਾਰੇ ਨੇ ਇਕ ਜਾਰੀ ਬਿਆਨ ‘ਚ ਕਿਹਾ ਹੈ ਕਿ ਹਾਦਸੇ ਕਾਰਨ ਇਮਾਰਤ ਨੂੰ ਬਹੁਤ ਨੁਕਸਾਨ ਪੁੱਜਾ ਹੈ ਤੇ ਲੋਕਾਂ ਲਈ ਗੰਭੀਰ ਖਤਰਾ ਪੈਦਾ ਕੀਤਾ ਹੈ। ਬੁਲਾਰੇ ਨੇ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਤੇ ਕਾਨੂੰਨ ਅਨੁਸਾਰ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਹੱਥੋਂ ਮਾਰੇ ਗਏ ਵਿਅਕਤੀ ਕੋਲੋਂ ਚਾਕੂ ਤੇ ਇਕ ਕਰਾਸਬੋਅ ਬਰਾਮਦ ਹੋਇਆ ਹੈ। ਮੌਕੇ ‘ਤੇ ਮੌਜੂਦ ਇਕ ਵਿਅਕਤੀ ਵੱਲੋਂ ਬਣਾਈ ਵੀਡੀਓ ਵਿਚ ਕੌਂਸਲਖਾਨੇ ਦੀ ਕੰਧ ਨਾਲ ਨੀਲੇ ਰੰਗ ਦੀ ਇਕ ਕਾਰ ਟਕਰਾਉਣ ਉਪਰੰਤ ਲੋਕ ਇਧਰ ਉਧਰ ਭੱਜ ਰਹੇ ਵਿਖਾਈ ਦੇ ਰਹੇ ਹਨ। ਗਵਾਹਾਂ ਅਨੁਸਾਰ ਕਾਰ ਵਿਚੋਂ ਨਿਕਲ ਕੇ ਡਰਾਈਵਰ ਨੇ ਉੱਚੀ ਆਵਾਜ਼ ਵਿਚ ਕਿਹਾ ‘ਕਿਥੇ ਹੈ ਸੀ.ਸੀ.ਪੀ. (ਚਾਈਨੀਜ਼ ਕਮਿਊਨਿਸਟ ਪਾਰਟੀ)’ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਉਪਰੰਤ ਹੀ ਘਟਨਾ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ।