ਚੰਡੀਗੜ੍ਹ, 28 ਅਪ੍ਰੈਲ (ਪੰਜਾਬ ਮੇਲ)- ਜਿਨਸੀ ਸੋਸ਼ਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਨਾਮੀ ਪਹਿਲਵਾਨਾਂ ਦੀ ਆਵਾਜ਼ ‘ਚ ਅੱਜ ਦੇਸ਼ ਦੀ ਸਾਬਕਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀ ਆਪਣੀ ਆਵਾਜ਼ ਰਲਾ ਦਿੱਤੀ ਹੈ। ਉਸ ਨੇ ਟਵੀਟ ਕਰਕੇ ਕਿਹਾ, ‘ਇੱਕ ਅਥਲੀਟ ਤੋਂ ਇਲਵਾ ਇੱਕ ਔਰਤ ਦੇ ਰੂਪ ਵਿੱਚ ਇਹ ਦੇਖਣਾ ਬਹੁਤ ਮੁਸ਼ਕਲ ਹੈ। ਇਨ੍ਹਾਂ ਸੜਕਾਂ ‘ਤੇ ਉਤਰੇ ਭਲਵਾਨਾਂ ਨੇ ਕੌਮਾਂਤਰੀ ਪੱਧਰ ‘ਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਸੀਂ ਸਾਰਿਆਂ ਨੇ ਉਨ੍ਹਾਂ ਦੇ ਨਾਲ ਜਸ਼ਨ ਮਨਾਇਆ ਹੈ। ਹੁਣ ਇਨ੍ਹਾਂ ਨਾਲ ਖੜ੍ਹੇ ਹੋਣ ਦਾ ਸਮਾਂ ਆ ਗਿਆ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਗੰਭੀਰ ਇਲਜ਼ਾਮ ਹਨ। ਮੈਨੂੰ ਉਮੀਦ ਹੈ ਕਿ ਜੋ ਵੀ ਸੱਚਾਈ ਹੈ ਸਾਹਮਣੇ ਆਏਗੀ ਤੇ ਇਨਸਾਫ਼ ਮਿਲੇਗਾ। ਹੁਣ ਨਹੀਂ ਤਾਂ ਕੁੱਝ ਸਮੇਂ ਬਾਅਦ।’ ਉਸ ਤੋਂ ਇਲਾਵਾ ਕ੍ਰਿਕਟਰ ਵਰਿੰਦਰ ਸਹਿਵਾਗ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ, ਮਦਨ ਲਾਲ, ਇਰਫ਼ਾਨ ਪਠਾਨ, ਅਭਿਨਵ ਬਿੰਦਰਾ, ਹਾਕੀ ਸਟਾਰ ਰਾਣੀ ਰਾਮਪਾਲ, ਮੁੱਕੇਬਾਜ਼ ਨਿਹਕਤ ਜਰੀਨ ਨੇ ਪਹਿਲਵਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ।