#AMERICA

ਸਾਇਕਲਿਸਟ ਅਨਾ ਵਿਲਸਨ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਨੂੰ 90 ਸਾਲ ਕੈਦ ਦੀ ਸਜ਼ਾ

ਸੈਕਰਾਮੈਂਟੋ , 20 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਮਈ 2022 ਵਿਚ 25 ਸਾਲਾ ਪ੍ਰੋਫੈਸ਼ਨਲ ਸਾਇਕਲਿਸਟ ਅਨਾ ਮੋਰੀਆਹ ‘ਮੋ’ ਵਿਲਸਨ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਕੈਟਲਿਨ ਆਰਮਸਟਰਾਂਗ ਨੂੰ ਜਿਊਰੀ ਵੱਲੋਂ 90 ਸਾਲ ਜੇਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ 10 ਹਜਾਰ ਡਾਲਰ ਦਾ ਜੁਰਮਾਨਾ ਵੀ ਕੀਤਾ ਹੈ। ਇਸ ਕੇਸ ਨੇ ਉਸ ਵੇਲੇ ਪੂਰੇ ਅਮਰੀਕੀਆਂ ਦਾ ਧਿਆਨ ਖਿਚਿਆ ਸੀ ਜਦੋਂ ਹੋਣਹਾਰ ਸਾਇਕਲਿਸਟ ਕੁੜੀ ਵਿਲਸਨ ਦੀ ਹੱਤਿਆ ਤੋਂ ਬਾਅਦ ਆਰਮਸਟਰਾਂਗ 40 ਦਿਨਾਂ ਤੋਂ ਵਧ ਸਮਾਂ ਗਾਇਬ ਰਹੀ ਸੀ। ਆਰਮਸਟਰਾਂਗ ਦੇ ਉਸ ਵੇਲੇ ਦੇ ਇਕ ਹੋਰ ਸਾਇਕਲਿਸਟ ਦੋਸਤ ਕੋਲਿਨ ਸਟਰਿਕਲੈਂਡ ਆਖਰੀ ਵਿਅਕਤੀ ਸੀ ਜਿਸ ਨੂੰ ਮੌਤ ਤੋਂ ਪਹਿਲਾਂ ਵਿਲਸਨ ਨਾਲ ਵੇਖਿਆ ਗਿਆ ਸੀ। ਹਾਲਾਂ ਕਿ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੁਲਿਸ ਨੇ ਹੋਰ ਸ਼ੱਕੀ ਵਿਅਕਤੀਆਂ ਵੱਲ ਧਿਆਨ ਨਹੀਂ ਦਿੱਤਾ ਤੇ ਨਾ ਹੀ ਕਿਸੇ ਨੇ ਵਿਲਸਨ ਦੀ ਹੱਤਿਆ ਹੁੰਦੀ ਵੇਖੀ ਹੈ ਪਰੰਤੂ ਜਿਊਰੀ ਨੇ ਆਰਮਸਟਰਾਂਗ ਨੂੰ ਪਹਿਲਾ ਦਰਜ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ। ਵਿਲਸਨ ਦੀ ਗੋਲੀਆਂ ਵਿੰਨੀ ਲਾਸ਼ ਆਸਟਿਨ ਦੇ ਇਕ ਘਰ ਵਿਚੋਂ ਮਿਲੀ ਸੀ। ਵਿਲਸਨ ਨੇ ਟੈਕਸਾਸ ਵਿਚ 157 ਮੀਲ ਦੀ ਗਰੈਵਲ ਲੋਕੋਸ ਬਾਈਕ ਰੇਸ ਵਿਚ ਹਿੱਸਾ ਲੈਣਾ ਸੀ ਪਰੰਤੂ ਇਸ ਦੌੜ ਤੋਂ 3 ਦਿਨ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।