#SPORTS

ਸ਼ੰਘਾਈ ਵਿਖੇ ਵਿਸ਼ਵ ਕੱਪ ਤੀਰਅੰਦਾਜ਼ੀ ‘ਚ ਭਾਰਤ ਨੇ ਟੀਮ ਮੁਕਾਬਲਿਆਂ ‘ਚ ਸੋਨ ਤਮਗਿਆਂ ਦੀ ਹੈਟ੍ਰਿਕ ਮਾਰੀ

ਸ਼ੰਘਾਈ, 27 ਅਪ੍ਰੈਲ (ਪੰਜਾਬ ਮੇਲ)- ਭਾਰਤ ਨੇ ਅੱਜ ਇੱਥੇ ਗੈਰ ਓਲੰਪਿਕ ਕੰਪਾਊਂਡ ਤੀਰਅੰਦਾਜ਼ੀ ‘ਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਵਿਸ਼ਵ ਕੱਪ ਦੇ ਪਹਿਲੇ ਪੜਾਅ ‘ਚ ਟੀਮ ਮੁਕਾਬਲਿਆਂ ‘ਚ ਹੂੰਝਾ ਫੇਰ ਜਿੱਤ ਹਾਸਲ ਕਰਕੇ ਸੋਨ ਤਗਮਿਆਂ ਦੀ ਹੈਟ੍ਰਿਕ ਲਗਾਈ। ਸੀਜ਼ਨ ਦੇ ਇਸ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿਚ ਭਾਰਤ ਦੀ ਮਹਿਲਾ ਕੰਪਾਊਂਡ ਟੀਮ ਨੇ ਇਟਲੀ ਨੂੰ 236-225 ਦੇ ਫਰਕ ਨਾਲ ਹਰਾਇਆ। ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਭਾਰਤੀ ਤਿਕੜੀ ਨੇ 24 ਤੀਰਾਂ ਵਿਚ ਸਿਰਫ਼ ਚਾਰ ਅੰਕ ਗੁਆ ਕੇ ਛੇਵਾਂ ਦਰਜਾ ਪ੍ਰਾਪਤ ਇਟਲੀ ਨੂੰ ਵੱਡੇ ਫਰਕ ਨਾਲ ਹਰਾ ਕੇ ਸੋਨ ਤਗ਼ਮੇ ਨਾਲ ਆਪਣਾ ਖਾਤਾ ਖੋਲ੍ਹਿਆ। ਪੁਰਸ਼ ਟੀਮ ਵਿਚ ਅਭਿਸ਼ੇਕ ਵਰਮਾ, ਪ੍ਰਿਯਾਂਸ਼ ਅਤੇ ਪ੍ਰਥਮੇਸ਼ ਐੱਫ. ਨੇ ਨੀਦਰਲੈਂਡ ਨੂੰ 238-231 ਨਾਲ ਹਰਾਇਆ। ਇਸ ਤੋਂ ਬਾਅਦ ਭਾਰਤ ਦੀ ਮਿਕਸਡ ਟੀਮ ਨੇ ਕੰਪਾਊਂਡ ਵਰਗ ਵਿਚ ਤੀਜਾ ਸੋਨ ਤਮਗਾ ਜਿੱਤ ਕੇ ਹੂੰਝਾ ਫੇਰ ਜਿੱਤ ਦਰਜ ਕੀਤੀ। ਜੋਤੀ ਅਤੇ ਅਭਿਸ਼ੇਕ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਰੌਮਾਂਚਕ ਮੈਚ ਵਿਚ ਐਸਤੋਨੀਆ ਦੇ ਲੀਸੇਲ ਜਾਤਮਾ ਅਤੇ ਰੋਬਿਨ ਜਾਤਮਾ ਦੀ ਮਿਸ਼ਰਤ ਜੋੜੀ ਨੂੰ 158-157 ਨਾਲ ਹਰਾਇਆ।