ਲੁਧਿਆਣਾ, 17 ਜੁਲਾਈ (ਸਰਬਜੀਤ ਵਿਰਦੀ/ਪੰਜਾਬ ਮੇਲ)- ਪੰਜਾਬੀ ਦੇ ਵਿਸ਼ਵ ਪ੍ਰਸਿੱਧ ਲੋਕ ਗਾਇਕ ਸਵ. ਸੁਰਿੰਦਰ ਸ਼ਿੰਦਾ ਜੀ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 14 ਜੁਲਾਈ, 2024 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੰਗੀਤ ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਭਾਈ ਦਿਲਬਾਗ ਸਿੰਘ ਜੀ ਗੂਰੂ ਕੀ ਕਾਸ਼ੀ ਵਾਲਿਆਂ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਵ. ਸੁਰਿੰਦਰ ਸ਼ਿੰਦਾ ਜੀ ਦੇ ਬੇਟੇ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦੇ ਹੋਏ ਪ੍ਰਸਿੱਧ ਲੇਖਕ ਸਰਬਜੀਤ ਸਿੰਘ ਵਿਰਦੀ ਨੇ ਸਵ. ਸੁਰਿੰਦਰ ਸ਼ਿੰਦਾ ਜੀ ਦੇ ਜੀਵਨ ਅਤੇ ਸੰਗੀਤਕ ਸਫ਼ਰ ‘ਤੇ ਵਿਸਥਾਰਪੂਰਵਕ ਢੰਗ ਨਾਲ ਚਾਨਣਾ ਪਾਇਆ। ਇਸ ਮੌਕੇ ਸਵ. ਸੁਰਿੰਦਰ ਸ਼ਿੰਦਾ ਜੀ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲੀਆਂ ਸ਼ਖਸੀਅਤਾਂ ਵਿਚ ਜਨਾਬ ਮੁਹੰਮਦ ਸਦੀਕ (ਸਾਬਕਾ ਮੈਂਬਰ ਪਾਰਲੀਮੈਂਟ) ਨੇ ਕਿਹਾ ਕਿ ਸਵ. ਸੁਰਿੰਦਰ ਸ਼ਿੰਦਾ ਪੰਜਾਬੀ ਦੇ ਨਾਮਵਰ ਲੋਕ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ-ਨਾਲ ਇਕ ਚੱਲਦੀ-ਫਿਰਦੀ ਸੰਗੀਤਕ ਯੂਨੀਵਰਸਿਟੀ ਸਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਭੇਜੇ ਸ਼ੋਕ ਸੰਦੇਸ਼ ਰਾਹੀਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੌਰਾਨ ਜਨਾਬ ਹੰਸ ਰਾਜ ਹੰਸ (ਸਾਬਕਾ ਮੈਂਬਰ ਪਾਰਲੀਮੈਂਟ), ਫਿਲਮੀ ਅਦਾਕਾਰ ਹੌਬੀ ਧਾਲੀਵਾਲ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਹਰਦੇਵ ਮਾਹੀਨੰਗਲ, ਗੀਤਕਾਰ ਬਚਨ ਬੇਦਿਲ, ਭਿੰਦਰ ਡੱਬਵਾਲੀ, ਤੇਜਵੰਤ ਕਿੱਟੂ, ਯੁੱਧਵੀਰ ਮਾਣਕ, ਭੱਟੀ ਭੜੀ ਵਾਲਾ, ਅਮਰੀਕ ਸਿੰਘ ਤਲਵੰਡੀ, ਜਸਮੇਰ ਸਿੰਘ ਢੱਟ, ਵਰਿੰਦਰ ਸਿੰਘ ਨਿਰਮਾਣ, ਅਸ਼ਵਨੀ ਵਰਮਾ, ਰਜਿੰਦਰ ਮਲਹਾਰ, ਇੰਦੀ ਬਿਲਿੰਗ, ਗੋਲਡੀ ਚੌਹਾਨ, ਕਰਮਜੀਤ ਭੁੱਟਾ, ਅਮਰਜੀਤ ਸ਼ੇਰਪੁਰੀ, ਬਲਵੀਰ ਮਾਨ, ਬੌਬੀ ਬਾਜਵਾ, ਮਨਜਿੰਦਰ ਤਨੇਜਾ, ਹਰਦੀਪ ਕੌਸ਼ਲ ਮੱਲਾ, ਮਹਿੰਦਰ ਸਿੰਘ ਸੇਠੀ, ਜਗਦੇਵ ਸਿੰਘ ਸਰਾਂ, ਬੀ.ਐੱਸ. ਪਰਵਾਨਾ, ਦਿਲਬਾਗ ਹੁੰਦਲ, ਨਰਿੰਦਰ ਨੂਰ, ਪ੍ਰਿੰਸ ਵਰਮਾ, ਗੁਰਮੀਤ ਬੜੂੰਦੀ, ਕੌਰ ਬਿੱਲੋ, ਮਨੀ ਸੰਧੂ, ਮੰਗਾ ਜੀ, ਕਾਲਾ ਜੀ, ਸੁਖਬੀਰ ਸੰਧੇ, ਜੱਗਾ ਸੂਰਤੀਆਂ, ਸੁਰਜੀਤ ਜੱਗਾ ਸਮੇਤ ਕਈ ਕਲਾਕਾਰਾਂ, ਗੀਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਹਾਜ਼ਰੀ ਭਰਕੇ ਆਪਣੇ ਮਹਿਬੂਬ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਖੀਰ ਵਿਚ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।