#PUNJAB

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਮਿਲੀ ਬੰਬ ਦੀ ਧਮਕੀ

14 ਜੁਲਾਈ ਮਗਰੋਂ ਅੱਠਵੀਂ ਧਮਕੀ; ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਕੇਂਦਰੀ ਤੇ ਸੂਬਾਈ ਏਜੰਸੀਆਂ ਦੀ ਨਾਕਾਮੀ ਨੂੰ ਲੈ ਕੇ ਚੁੱਕੇ ਸਵਾਲ
ਅੰਮ੍ਰਿਤਸਰ, 19 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਮੰਦਰ ਸਾਹਿਬ ਵਿਚ ਬੰਬ ਰੱਖੇ ਹੋਣ ਸਬੰਧੀ ਇੱਕ ਹੋਰ ਧਮਕੀ ਭਰੀ ਈਮੇਲ ਮਿਲੀ ਹੈ। 14 ਜੁਲਾਈ ਤੋਂ ਬਾਅਦ ਇਹ ਅੱਠਵੀਂ ਈਮੇਲ ਹੈ।
ਇਹ ਈਮੇਲ ਅਜਿਹੇ ਮੌਕੇ ਮਿਲੀ ਹੈ, ਜਦੋਂ ਅਜੇ ਲੰਘੇ ਦਿਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਵਿਚ ਫ਼ਰੀਦਾਬਾਦ ਤੋਂ ਇਕ ਸਾਫ਼ਟਵੇਅਰ ਇੰਜੀਨੀਅਰ ਨੂੰ ਹਿਰਾਸਤ ‘ਚ ਲੈਣ ਦੀ ਪੁਸ਼ਟੀ ਕੀਤੀ ਸੀ।
ਸੱਜਰੀ ਧਮਕੀ ਲੰਘੀ ਰਾਤ ਮਿਲੀ ਹੈ। ਉਂਝ ਉਪਰੋਥੱਲੀ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ।
ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਜਦੋਂਕਿ ਸਿਵਲ ਕੱਪੜਿਆਂ ਵਿਚ ਪੁਲਿਸ ਵੀ ਕੰਪਲੈਕਸ ਵਿਚ ਮੌਜੂਦ ਹੈ। ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਰਾਤ ਧਮਕੀ ਮਿਲਣ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੁਣ ਤੱਕ ਦੋਸ਼ੀਆਂ ਦੀ ਪਛਾਣ ਨਾ ਕਰ ਸਕਣ ਲਈ ਕੇਂਦਰੀ ਤੇ ਸੂਬਾਈ ਏਜੰਸੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਾਂਚ ਜਾਰੀ ਹੈ। ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਤਕਨੀਕੀ ਵਿਸ਼ਲੇਸ਼ਣ ਵਿਚ ਸਮਾਂ ਲੱਗਦਾ ਹੈ ਤੇ ਜਲਦੀ ਹੀ ਸ਼ੱਕੀਆਂ ਦੀ ਪਛਾਣ ਕਰ ਲਈ ਜਾਵੇਗੀ।