#PUNJAB

ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਟਾਏ ਜਥੇਦਾਰਾਂ ਦੀ ਹਮਾਇਤ ‘ਚ ਅੱਗੇ ਆਉਣ ਦੀ ਅਪੀਲ

ਚੰਡੀਗੜ੍ਹ, 11 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਇੱਥੇ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ। ਇਸ ਲੀਡਰਸ਼ਿਪ ਦੇ ਆਗੂਆਂ ਨੇ ਇੱਥੇ ਮੀਟਿੰਗ ਕਰ ਕੇ ਸੱਤ ਮਤੇ ਪਾਸ ਕੀਤੇ।
ਮੀਟਿੰਗ ਵਿਚ ਮਤਾ ਪਾਸ ਕਰ ਕੇ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ ਤੇ ਦਮਦਮੀ ਟਕਸਾਲ ਆਦਿ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਨੂੰ ਰੱਦ ਕਰਾਉਣ ਲਈ ਵੱਡੇ ਪੱਧਰ ‘ਤੇ ਜਥੇਬੰਦੀਆਂ ਨੂੰ ਲਾਮਬੰਦ ਕਰਨ। ਇਹ ਵੀ ਮਤਾ ਪਾਸ ਕੀਤਾ ਹੈ ਕਿ ਜਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਤੇ ਸੇਵਾਮੁਕਤੀ ਲਈ ਵਿਧੀ ਵਿਧਾਨ ਜ਼ਰੂਰੀ ਹੈ। ਆਗੂਆਂ ਮੀਟਿੰਗ ‘ਚ ਨਿੰਦਾ ਮਤਾ ਪਾਸ ਕਰ ਕੇ ਕਿਹਾ ਗਿਆ ਕਿ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ। ਇੱਕ ਹੋਰ ਮਤਾ ਪਾਸ ਕਰ ਕੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਤੇ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਹੈ।
ਆਗੂਆਂ ਨੇ ਮਤਾ ਪਾਸ ਕਰ ਕੇ ਇਹ ਵੀ ਦੱਸਿਆ ਕਿ ਅਕਾਲ ਤਖ਼ਤ ਵੱਲੋਂ ਕਾਇਮ ਸੱਤ ਮੈਂਬਰੀ ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਵੱਲੋਂ ਅਰਦਾਸ ਵਿਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ, ਜਿਸ ‘ਚ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਨੂੰ ਪੁੱਜਣ ਲਈ ਕਿਹਾ ਗਿਆ ਹੈ। ਇਕੱਤਰਤਾ ‘ਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਹਾਜ਼ਰ ਸਨ।