ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਤਿੰਨ ਨਵੰਬਰ ਨੂੰ ਹੋਵੇਗੀ। ਇਸ ਸੰਬੰਧ ਵਿਚ ਫੈਸਲਾ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਜਨਰਲ ਹਾਊਸ ਦੀ ਇਹ ਅੰਤਰਿੰਗ ਕਮੇਟੀ ਦੀ ਆਖਰੀ ਮੀਟਿੰਗ ਹੈ। ਸੰਸਥਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਾਸਤੇ ਤਿੰਨ ਨਵੰਬਰ ਨੂੰ ਜਨਰਲ ਇਜਲਾਸ ਸੱਦਿਆ ਗਿਆ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚੱਲ ਰਹੀ ਸੇਵਾ ਬਾਰੇ ਉਨ੍ਹਾਂ ਦੱਸਿਆ ਕਿ ਸਥਾਪਿਤ ਕੀਤੇ ਗਏ ਪੰਜ ਮਦਦ ਕੇਂਦਰਾਂ ‘ਤੇ ਜਲਦੀ ਹੀ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧ ਵਿਚ ਉਨ੍ਹਾਂ ਦਸ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਆਖਿਆ ਹੈ ਕਿ ਉਹ ਆਪਣੇ ਸਰਪੰਚ ਕੋਲੋਂ ਤਸਦੀਕ ਕਰਵਾ ਕੇ ਕਣਕ ਦਾ ਬੀਜ ਲੈਣ ਸਬੰਧੀ ਆਪਣੀ ਮੰਗ ਕੇਂਦਰਾਂ ਕੋਲ ਪੁੱਜਦੀ ਕਰਨ, ਤਾਂ ਜੋ ਲੋੜ ਮੁਤਾਬਕ ਬੀਜ ਦਾ ਪ੍ਰਬੰਧ ਕੀਤਾ ਜਾ ਸਕੇ।
ਇਸ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਪੰਜ ਟਰੱਕ ਕੰਬਲ, ਗੱਦੇ ਅਤੇ ਰਸਦਾਂ ਦੇ ਭੇਜੇ ਗਏ ਹਨ। ਜੰਮੂ ਵਿਖੇ ਸਾਂਬਾ ਖੇਤਰ ਵਿਚ ਇੱਕ ਪਿੰਡ ਵਿਚ ਪੰਜ ਪਾਵਨ ਸਰੂਪ ਅਗਨ ਭੇਂਟ ਹੋਣ ਦੀ ਵਾਪਰੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੀ.ਐੱਨ.ਐੱਸ. ਦੀ ਧਾਰਾ 295 ਵਿਚ ਇਸ ਮਾਮਲੇ ਨੂੰ ਲੈ ਕੇ ਸੋਧ ਕੀਤੀ ਜਾਵੇ, ਤਾਂ ਜੋ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋ ਸਕੇ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ਆਪਣੇ ਮੁਲਾਜ਼ਮਾਂ ਨੂੰ ਤਿੰਨ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਸਿੱਖ ਸੰਸਥਾ ਵੱਲੋਂ ਮੁੰਬਈ ਸਥਿਤ ਗੁਰੂ ਨਾਨਕ ਖਾਲਸਾ ਕਾਲਜ ਮਟੁੰਗਾ ਨੂੰ ਸਿੱਖ ਯੂਨੀਵਰਸਿਟੀ ਬਣਾਉਣ ਲਈ ਵੀ ਇੱਕ ਮਤਾ ਪਾਸ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਨਾਲ ਸਿੱਖ ਗੁਰੂਆਂ ਗੁਰਬਾਣੀ ਅਤੇ ਗੁਰੂ ਧਾਮਾਂ ਦੀ ਕੀਤੀ ਜਾ ਰਹੀ ਬੇਅਦਬੀ ਨੂੰ ਰੋਕਣ ਲਈ ਇੱਕ ਡਿਜੀਟਲ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹੀ ਬੇਅਦਬੀ ਵਾਲੀਆਂ ਪੋਸਟਾਂ ਨੂੰ ਅਗਾਂਹ ਸ਼ੇਅਰ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
350 ਸਾਲਾ ਸ਼ਹੀਦੀ ਸਮਾਗਮ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਾਗਮ 23 ਨਵੰਬਰ ਤੋਂ 29 ਨਵੰਬਰ ਤੱਕ ਅਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸੀਸ ਗੰਜ ਵਿਖੇ ਹੋਣਗੇ। ਇਸ ਸਬੰਧੀ ਇੱਕ ਨਗਰ ਕੀਰਤਨ ਜਲਦੀ ਹੀ ਜੰਮੂ ਕਸ਼ਮੀਰ ਦੇ ਮਟਨ ਸ਼ਹਿਰ ਤੋਂ ਆਰੰਭ ਹੋਵੇਗਾ ਅਤੇ ਇਸ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਦੌਰਾਨ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਅਤੇ ਜਗਜੀਤ ਸਿੰਘ ਬਰਾੜ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ 3 ਨਵੰਬਰ ਨੂੰ
