ਅੰਮ੍ਰਿਤਸਰ, 25 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਰੱਦ ਕਰਨ ਮਗਰੋਂ ਹੁਣ ਕਮੇਟੀ ਦੀ ਮੀਟਿੰਗ 30 ਦਸੰਬਰ ਨੂੰ ਅੰਮ੍ਰਿਤਸਰ ‘ਚ ਸੱਦੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪਿਛਲੇ ਦਿਨਾਂ ਦੌਰਾਨ ਅੰਤ੍ਰਿੰਗ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਦੋ ਮੀਟਿੰਗਾਂ 72 ਘੰਟੇ ਦੇ ਨੋਟਿਸ ‘ਤੇ ਹੰਗਾਮੀ ਸਥਿਤੀ ਵਿੱਚ ਸੱਦੀਆਂ ਗਈਆਂ ਸਨ। ਇਨ੍ਹਾਂ ‘ਚੋਂ ਇੱਕ ਮੀਟਿੰਗ ਕੱਲ੍ਹ ਰੱਦ ਕਰ ਦਿੱਤੀ ਗਈ। ਇਹ ਰੱਦ ਕੀਤੀ ਮੀਟਿੰਗ ਜਦੋਂ ਸੱਦੀ ਗਈ ਸੀ ਤਾਂ ਉਦੋਂ ਵੱਡੀ ਪੱਧਰ ‘ਤੇ ਚਰਚਾ ਹੋਈ ਤੇ ਹੁਣ ਜਦੋਂ ਰੱਦ ਕੀਤੀ ਗਈ ਤਾਂ ਉਸ ਵੇਲੇ ਵੀ ਚਰਚਾ ਵਿੱਚ ਸੀ। ਹੁਣ ਇਸ ਦੀ ਥਾਂ ‘ਤੇ ਆਮ ਰੁਟੀਨ ਦੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ 30 ਦਸੰਬਰ ਨੂੰ ਸੱਦੀ ਗਈ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕੀਤੀ ਹੈ।