#PUNJAB

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਿੱਖਾਂ ‘ਚ ਵੋਟਾਂ ਬਣਾਉਣ ਦਾ ਮੱਠਾ ਰੁਝਾਨ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਵੋਟਾਂ ਬਣਾਉਣ ਵਾਸਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸਿੱਖਾਂ ਦੀ ਗਿਣਤੀ ਪਿਛਲੀਆਂ ਚੋਣਾਂ ਮੁਕਾਬਲੇ ਲਗਪਗ ਅੱਧੀ ਰਹਿ ਗਈ ਹੈ। ਇਸ ਦਾ ਵੱਡਾ ਕਾਰਨ ਸਿੱਖਾਂ ਵਿਚ ਵੋਟਰ ਬਣਨ ਦਾ ਮੱਠਾ ਰੁਝਾਨ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਭਾਰਤ ਸਰਕਾਰ ਦੁਆਰਾ ਬਣਾਏ ਗਏ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕਰਵਾਈਆਂ ਜਾਂਦੀਆਂ ਹਨ। ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵਲੋਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਨੂੰ ਤਿੰਨ ਵਾਰ ਅੱਗੇ ਵਧਾਉਣ ਦੇ ਬਾਵਜੂਦ, 25 ਜੁਲਾਈ ਤੱਕ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 27.87 ਲੱਖ ਹੈ, ਜਦੋਂਕਿ 2011 ਵਿਚ ਹੋਈਆਂ ਪਿੱਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਲਗਪਗ 52 ਲੱਖ ਵੋਟਰ ਸਨ। ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 21 ਅਕਤੂਬਰ, 2023 ਨੂੰ ਸ਼ੁਰੂ ਹੋਈ ਸੀ ਅਤੇ ਸ਼ੁਰੂ ਵਿਚ ਆਖ਼ਰੀ ਮਿਤੀ 15 ਨਵੰਬਰ 2023 ਸੀ। ਵੋਟਰਾਂ ਦੇ ਮੱਠੇ ਹੁੰਗਾਰੇ ਨੂੰ ਦੇਖਦੇ ਹੋਏ, ਇਸ ਸਬੰਧੀ ਤਰੀਕ ਨੂੰ ਅੱਗੇ ਵਧਾ ਕੇ 29 ਫਰਵਰੀ, 2024 ਅਤੇ ਫਿਰ 30 ਅਪ੍ਰੈਲ 2024 ਕਰ ਦਿੱਤਾ ਗਿਆ ਸੀ। ਅੰਤ ਵਿਚ ਹੁਣ ਆਖ਼ਰੀ ਮਿਤੀ 31 ਜੁਲਾਈ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 21 ਸਾਲ ਤੋਂ ਵੱਧ ਉਮਰ ਦੇ ‘ਸਾਬਤ ਸੂਰਤ’ ਸਿੱਖ ਵੋਟਰ ਬਣਾਏ ਜਾ ਰਹੇ ਹਨ। ਪਤਿਤ ਸਿੱਖ ਵੋਟਰ ਨਹੀਂ ਬਣ ਸਕਦੇ ਹਨ। ਵੋਟਰਾਂ ਦੀ ਰਜਿਸਟ੍ਰੇਸ਼ਨ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ ਤਿੰਨ ਤਹਿਤ ਕੀਤੀ ਜਾਂਦੀ ਹੈ। ਰਜਿਸਟ੍ਰੇਸ਼ਨ ਦਾ ਕੰਮ ਇਸ ਵੇਲੇ ਪਟਵਾਰੀਆਂ ਅਤੇ ਬਲਾਕ ਪੱਧਰੀ ਅਫ਼ਸਰਾਂ ਦੁਆਰਾ ਕੀਤਾ ਜਾ ਰਿਹਾ ਹੈ।