ਚੰਡੀਗੜ੍ਹ, 13 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਬਣੇ ਅਕਾਲੀ ਦਲ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਪਾਰਟੀ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਧੜੇ ਨੇ ਅਕਾਲੀ ਦਲ ਦਾ ਨਾਮ ਵਰਤਿਆ ਹੈ। ਅਸੀਂ ਪਾਰਟੀ ਵੱਲੋਂ ਬਾਗੀ ਧੜੇ ਖ਼ਿਲਾਫ਼ ਕਰਿਮੀਨਲ ਕੇਸ ਦਾਇਰ ਕਰਾਂਗੇ, ਇਹ ਜਾਲ ਸਾਜ਼ੀ ਦੇ ਨਾਲ-ਨਾਲ 420 ਵੀ ਹੈ। ਚੀਮਾ ਨੇ ਕਿਹਾ ਕਿ ਜਾਲਸਾਜ਼ੀ ਕਰਨ ਵਾਲੇ ਭਰਾਵਾਂ ਨੂੰ ਉਹ ਬੇਨਤੀ ਕਰਦੇ ਹਨ ਕਿ ਹੁਣ ਸੋਚ ਸਮਝ ਕੇ ਫੈਸਲਾ ਕਰਿਓ। ਸਾਡਾ ਸਟੈਂਡ ਸਪੱਸ਼ਟ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਦਾ ਨਾਂ ਵਰਤਣ ਵਾਲਿਆਂ ‘ਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੀਮਾ ਨੇ ਕਿਹਾ ਕਿ ਸਾਡੇ ਕੋਲ ਇਲੈਕਸ਼ਨ ਕਮਿਸ਼ਨ ਦਾ ਨੋਟੀਫਿਕੇਸ਼ਨ ਹੈ, ਜਿਸ ਵਿਚ ਬਕਾਇਦਾ ਸਾਨੂੰ ਤੱਕੜੀ ਦਾ ਚੋਣ ਨਿਸ਼ਾਨ ਆਲਾਟ ਕੀਤਾ ਗਿਆ ਹੈ। ਬਾਗੀਆਂ ਨੇ ਨਾ ਸਿਰਫ ਅਕਾਲੀ ਦਲ ਦਾ ਨਾਮ ਵਰਤਿਆ ਹੈ, ਸਗੋਂ ਮੌਜੂਦਾ ਜਥੇਦਾਰ ਸਾਹਿਬ ਦੀ ਗੱਲ ਵੀ ਨਹੀਂ ਮੰਨੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਜਿਸ ਕਿਸੇ ਨੇ ਵੱਖਰੀ ਪਾਰਟੀ ਬਨਾਉਣੀ ਹੈ ਬਣਾਵੇ, ਪਰ ਸਾਡੀ ਪਾਰਟੀ ਦਾ ਨਾਮ ਨਾ ਵਰਤੇ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਵਾਲੇ ਕੰਮ ਨਹੀਂ ਚੱਲਣਗੇ, ਜੇਕਰ ਕੋਈ ਸਾਨੂੰ ਬਦਨਾਮ ਕਰਦਾ ਹੈ ਅਤੇ ਗਲਤ ਬਿਆਨਬਾਜ਼ੀ ਕਰਦਾ ਹੈ, ਤਾਂ ਹੁਣ ਉਸ ਨੂੰ ਵੀ ਅਦਾਲਤਾਂ ਵਿਚ ਆ ਕੇ ਸਪੱਸ਼ਟੀਕਰਨ ਦੇਣੇ ਪੈਣਗੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਬਾਗੀ ਧੜੇ’ ਨੂੰ ਕੇਸ ਦਾਇਰ ਕਰਨ ਦੀ ਚੇਤਾਵਨੀ!
