ਜਲੰਧਰ, 14 ਅਗਸਤ (ਪੰਜਾਬ ਮੇਲ)-ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਸੂਬੇ ਦੀ ਸਿਆਸਤ ਅੰਦਰ ਨਵੀਂ ਸਵੇਰ ਦਾ ਆਗਾਜ਼ ਹੈ ਤੇ ਇਹ ਨਵੀਂ ਪਾਰਟੀ ਨਾ ਸਿਰਫ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ, ਸਗੋਂ ਸੂਬੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਵੀ ਨਵੇਂ ਖੰਭ ਲਾਵੇਗੀ। ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਈ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗੀ। ਨਵੇਂ ਸ਼੍ਰੋਮਣੀ ਅਕਾਲੀ ਦਲ ਲਈ ਪੰਥ ਤੇ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹੋਣਗੇ ਤੇ ਪਾਰਟੀ ਦਾ ਪੁਰਾਣਾ ਖਾਸਾ ਬਹਾਲ ਕੀਤਾ ਜਾਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਵੀਂ ਪਾਰਟੀ ਸੂਬੇ ਅੰਦਰ ਸਾਫ-ਸੁਥਰੀ, ਇਮਾਨਦਾਰ ਤੇ ਪਰਿਵਾਰਵਾਦ ਮੁਕਤ ਸਿਆਸਤ ਦਾ ਮੁੱਢ ਬੰਨ੍ਹੇਗੀ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਕਲਾਵੇ ‘ਚ ਲੈ ਕੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਾਏਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਥ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਨੂੰ ਵੱਖਰੇ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਦੋਵੇਂ ਮਿਲ ਕੇ ਚੱਲਦੇ ਹਨ। ਉਨ੍ਹਾਂ ਪੰਜਾਬ ਦੇ ਪਾਣੀਆਂ, ਭਾਸ਼ਾ ਤੇ ਰਾਜਧਾਨੀ ਸਮੇਤ ਹੋਰਨਾਂ ਮੁੱਦਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਮਸਲੇ ਸਿਰਫ਼ ਪੰਥ ਦੇ ਨਹੀਂ ਹਨ, ਸਗੋਂ ਪੰਜਾਬੀਆਂ ਦੇ ਹਨ ਪਰ ਇਨ੍ਹਾਂ ਦੀ ਲੜਾਈ ਪੰਥ ਨੇ ਮੂਹਰੇ ਹੋ ਕੇ ਲੜੀ ਹੈ ਤੇ ਅੱਗੇ ਤੋਂ ਵੀ ਲੜਦਾ ਰਹੇਗਾ। ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਰੂਪ-ਰੇਖਾ ਅਤੇ ਬਣਤਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਲਦ ਹੀ ਜਥੇਬੰਦੀ ਦਾ ਗਠਨ ਕੀਤਾ ਜਾਵੇਗਾ ਤੇ ਇਸ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਪਰ ਇਸ ਵਿਚ ਕਿਸੇ ਦੇ ਪੁੱਤ-ਭਤੀਜੇ ਤੇ ਸਿਫਾਰਿਸ਼ ਲਈ ਕੋਈ ਥਾਂ ਨਹੀਂ ਹੋਵੇਗੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਵੱਲੋਂ ਨਵੇਂ ਅਕਾਲੀ ਦਲ ਦੇ ਗਠਨ ਪਿੱਛੇ ਕੁਝ ਸਿਆਸੀ ਧਿਰਾਂ ਦਾ ਹੱਥ ਹੋਣ ਸਬੰਧੀ ਲਗਾਏ ਜਾ ਰਹੇ ਦੋਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਤਾਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਿਆਂ ਨੂੰ ਨਹੀਂ ਬਖਸ਼ਿਆ ਤੇ ਉਹ ਕੀ ਚੀਜ਼ ਹਨ? ਪਰ ਉਹ ਪੰਥ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਕੇ ਕੰਮ ਕਰਨਗੇ ਤੇ ਅਜਿਹੇ ਕੂੜ ਪ੍ਰਚਾਰ ਦਾ ਉਨ੍ਹਾਂ ਦੇ ਕੰਮ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਬਾਦਲ ਦਲ ਵੱਲੋਂ ਖੁਦ ਹੀ ਵੱਖਰਾ ਚੁੱਲ੍ਹਾ ਬਣਾਏ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ ਸਾਲ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ, ਉਸ ਵਿਚ ਸਾਫ ਤੌਰ ‘ਤੇ ਸਾਰੀਆਂ ਧਿਰਾਂ ਨੂੰ ਆਪਣੇ ਚੁੱਲ੍ਹੇ ਸਮੇਟਣ ਬਾਰੇ ਕਿਹਾ ਗਿਆ ਸੀ, ਜਿਸ ‘ਤੇ ਬਾਗੀ ਧੜੇ ਨੇ ਉਸੇ ਸ਼ਾਮ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਸੀ ਪਰ ਬਾਦਲ ਦਲ ਨੇ ਅਜਿਹਾ ਕਰਨ ਦੀ ਬਜਾਏ ਭਰਤੀ ਕਮੇਟੀ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤਹਿਤ ਬਣਿਆ ਅਕਾਲੀ ਦਲ ਹੀ ਅਸਲ ਸ਼੍ਰੋਮਣੀ ਅਕਾਲੀ ਦਲ ਹੈ ਤੇ ਇਹ ਹੀ ਸਹੀ ਮਾਇਨਿਆਂ ‘ਚ ਪੰਥ ਤੇ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ।
ਪਾਰਟੀ ਦੇ ਨਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਉਹ ਜਲਦ ਇਸ ਸਬੰਧੀ ਚੋਣ ਕਮਿਸ਼ਨ ਨੂੰ ਮਿਲਣਗੇ ਤੇ ਆਪਣਾ ਪੱਖ ਦਲੀਲ ਤੇ ਤਰਕਪੂਰਨ ਤਰੀਕੇ ਨਾਲ ਉਨ੍ਹਾਂ ਕੋਲ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣਾ ਏਜੰਡਾ ਲੈ ਕੇ ਰਾਜ ਦੇ ਲੋਕਾਂ ਦੇ ਕੋਲ ਜਾਣਗੇ ਤੇ ਅਗਲਾ ਫੈਸਲਾ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਲਿਆ ਜਾਵੇਗਾ। ਕਿਸੇ ਹੋਰ ਪਾਰਟੀ ਨਾਲ ਗੱਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੰਤਰੀ ਅਹੁਦਾ ਦਿਵਾਉਣ ਜਾਂ ਹੋਰ ਅਹੁਦੇ ਲਈ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਹਰਗਿਜ਼ ਨਹੀਂ ਕਰਨਗੇ ਪਰ ਜੇਕਰ ਕੋਈ ਪਾਰਟੀ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਗੱਲ ਕਰੇਗੀ ਤਾਂ ਉਸ ਉੱਪਰ ਜ਼ਰੂਰ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਪੰਜਾਬ ਦੇ ਮੁੱਦਿਆਂ ‘ਤੇ ਰਾਜਨੀਤੀ ਕਰੇਗੀ ਨਾ ਕਿ ਕਿਸੇ ਵਿਅਕਤੀਗਤ ਮਸਲਿਆਂ ‘ਚ ਉਲਝੇਗੀ।
ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਅੱਗੇ ਹੋ ਕੇ ਲੜੇਗੀ ਤੇ ਇਸ ਸਬੰਧੀ ਹੋਰਨਾਂ ਰਾਜਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਪੂਰਾ ਉਤਰਨ ਦਾ ਹਰ ਪੱਧਰ ‘ਤੇ ਯਤਨ ਕਰੇਗੀ ਤੇ ਆਉਂਦੀਆਂ ਰਾਜ ਵਿਧਾਨ ਸਭਾ ਚੋਣਾਂ ‘ਚ ਇਕ ਨਵਾਂ ਸਿਆਸੀ ਬਦਲ ਬਣ ਕੇ ਉੱਭਰੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਸੂਬੇ ਦੀ ਸਿਆਸਤ ਅੰਦਰ ਨਵੀਂ ਸਵੇਰ ਦਾ ਆਗਾਜ਼ : ਗਿਆਨੀ ਹਰਪ੍ਰੀਤ ਸਿੰਘ
