-ਅਗਲੀਆਂ ਚੋਣਾਂ ਤੋਂ ਪਹਿਲਾਂ ਬਣ ਸਕਦੈ ਗਠਜੋੜ
ਨਵੀਂ ਦਿੱਲੀ, 23 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸੰਭਾਵਿਤ ਰਾਜਨੀਤਿਕ ਪੁਨਰਗਠਨ ਦੀ ਚਰਚਾ ਇਕ ਵਾਰ ਫਿਰ ਜ਼ੋਰ ਫੜ ਰਹੀ ਹੈ।
ਦੋਵਾਂ ਪਾਰਟੀਆਂ 2020 ਵਿਚ ਇਕ-ਦੂਜੇ ਤੋਂ ਵੱਖ ਹੋ ਗਈਆਂ ਸਨ। ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਉਸ ਵਕਤ ਭਾਜਪਾ ਨਾਲੋਂ ਵੱਖ ਹੋਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਤਕ ਤੌਰ ‘ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਸੀ। ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਇਤਿਹਾਸਕ ਤੌਰ ‘ਤੇ ਵੱਡੇ ਹਿੱਤਾਂ ਦੁਆਰਾ ਚਲਾਇਆ ਗਿਆ ਸੀ। 1996 ਵਿਚ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੋਏ ਸਨ। ਗਠਜੋੜ ਦੌਰਾਨ ਭਾਜਪਾ ਸ਼ਹਿਰੀ ਖੇਤਰਾਂ ਤੱਕ ਸੀਮਤ ਰਹੀ, ਜਦਕਿ ਅਕਾਲੀਆਂ ਨੇ ਪੇਂਡੂ ਪੰਜਾਬ ਵਿਚ ਆਪਣਾ ਆਧਾਰ ਵਧਾਇਆ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਐੱਨ.ਡੀ.ਏ. ਤੋਂ ਬਾਹਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਰਫ 3 ਉਮੀਦਵਾਰ ਜਿੱਤੇ ਸਨ, ਜਦਕਿ ਭਾਜਪਾ ਸਿਰਫ 2 ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕੀ।
ਦੋਵਾਂ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਸੁਤੰਤਰ ਰੂਪ ਵਿਚ ਲੜੀਆਂ ਸਨ। ਇਸ ਤਰ੍ਹਾਂ ਦੋਵਾਂ ਦੇ ਵੱਖ ਹੋਣ ਤੋਂ ਬਾਅਦ ਇਹ ਗਠਜੋੜ ਖੇਰੂ-ਖੇਰੂ ਹੋ ਗਿਆ ਸੀ। ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਰੱਜ ਕੇ ਇਕ-ਦੂਜੇ ਨੂੰ ਭੰਡਿਆ। ਜਿਸ ਕਰਕੇ ਪੰਜਾਬ ਵਿਚ ਦੋਵਾਂ ਪਾਰਟੀਆਂ ਦਾ ਗ੍ਰਾਫ ਲਗਾਤਾਰ ਹੇਠਾਂ ਨੂੰ ਜਾਂਦਾ ਰਿਹਾ। 2017 ‘ਚ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਅਤੇ ਵੋਟ ਬੈਂਕ ਘੱਟ ਗਿਆ ਸੀ।
ਗਠਜੋੜ ਟੁੱਟਣ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਝ ਆਗੂ ਕਿਸੇ ਨਾ ਕਿਸੇ ਕਾਰਨ ਭਾਰਤੀ ਜਨਤਾ ਪਾਰਟੀ ਵਿਚ ਜਾ ਰਲੇ ਸਨ, ਪਰ ਹੁਣ ਉਨ੍ਹਾਂ ਵਿਚੋਂ ਵੀ ਕੁੱਝ ਲੀਡਰ ਵਾਪਸ ਘਰ ਪਰਤਣ ਦੀ ਤਿਆਰੀ ਕਰ ਰਹੇ ਹਨ।
ਹਾਲਾਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਲਈ ਕੋਈ ਪੈਕੇਜ ਐਲਾਨ ਕਰ ਸਕਦੀ ਹੈ, ਤਾਂਕਿ ਪੰਜਾਬ ਦੇ ਲੋਕਾਂ ਵਿਚ ਗੁਆਇਆ ਵਕਾਰ ਵਾਪਸ ਹਾਸਲ ਕੀਤਾ ਜਾ ਸਕੇ।
ਅਕਾਲੀ ਦਲ ਦੇ ਆਗੂਆਂ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਵੱਲੋਂ ਵੀ ਇਸ ਸੰਬੰਧੀ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਦੋਵਾਂ ਪਾਰਟੀਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਕਈ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਵਿਚੋਲਗੀ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਖਸੀਅਤਾਂ ਵਿਚ ਰਾਜਨੀਤਿਕ ਆਗੂਆਂ ਤੋਂ ਇਲਾਵਾ ਕੁੱਝ ਧਾਰਮਿਕ ਆਗੂ ਵੀ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਮੁੜ ਹੋਣਗੇ ਇਕੱਠੇ!
