ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਪੰਜਾਬ ਮੇਲ)- ਦੁਬਈ ਦੇ ਉੱਘੇ ਕਾਰੋਬਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾਕਟਰ ਐੱਸ.ਪੀ. ਸਿੰਘ ਓਬਰਾਏ ਜੋ ਬਿਨਾਂ ਕਿਸੇ ਕੋਲੋਂ ਇੱਕ ਵੀ ਰੁਪਿਆ ਇਕੱਠਾ ਕੀਤਿਆਂ ਆਪਣੀ ਨੇਕ ਕਮਾਈ ਵਿਚੋਂ ਹਰ ਸਾਲ ਕਰੋੜਾਂ ਰੁਪਿਆ ਦਾਨ ਵਜੋਂ ਖਰਚ ਕਰ ਰਹੇ ਹਨ। ਉਨ੍ਹਾਂ ਵੱਲੋਂ ਲੋੜਵੰਦਾਂ ਅਤੇ ਗ਼ਰੀਬਾਂ ਦੇ ਉਥਾਨ ਲਈ ਇੱਕ ਵਿਸ਼ੇਸ਼ ਯੂਨੀਵਰਸਿਟੀ ਸਥਾਪਤ ਕਰਨ ਦਾ ਸੁਪਨਾ ਲਿਆ ਸੀ।
ਇਸ ਪ੍ਰੋਜੈਕਟ ਲਈ ਤਕਨੀਕੀ ਸ਼ਰਤਾਂ ਪੂਰੀਆਂ ਕਰਨ ਲਈ ਅੱਗੇ ਵਧਦੇ ਹੋਏ ਜ਼ਮੀਨ ਦੀ ਖਰੀਦ ਕਰਨ ਉਪਰੰਤ, ਯੂਨੀਵਰਸਿਟੀ ਦੇ ਐਕਟ ਦੀ ਬਣਤਰ ਬੁਣ ਲਈ ਗਈ ਅਤੇ ਆਰੰਭਲੇ ਕੋਰਸਾਂ ਬਾਰੇ ਫੈਸਲਾ ਕਰਨ ਉਪਰੰਤ ਦੱਸਿਆ ਗਿਆ ਕਿ ਕੋਰਸ ਛੋਟੇ ਅਤੇ ਆਨਲਾਈਨ ਵੀ ਹੋਣਗੇ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ. ਓਬਰਾਏ ਨੇ ਦੱਸਿਆ ਕਿ ਮੇਰੀ ਇੱਕੋ ਪ੍ਰਬਲ ਇੱਛਾ ਹੈ ਕਿ ਮੈਂ ਆਪਣੀ ਕੌਮ ਨੂੰ ਇਸ ਉਲਾਹਮੇ ਤੋਂ ਮੁਕਤ ਕਰ ਸਕਾਂ। ਅੱਜ ਤੱਕ ਇੱਕ ਵੀ ਅਜਿਹਾ ਵਿੱਦਿਅਕ ਅਦਾਰਾ ਨਹੀਂ, ਜਿੱਥੇ ਆਧੁਨਿਕ ਸਿੱਖਿਆ ਵੀ ਹੋਵੇ, ਕਿੱਤਾ ਮੁਖੀ ਵੀ ਹੋਵੇ ਅਤੇ ਫੀਸ ਮੁਕਤ ਵੀ। ਡਾਕਟਰ ਓਬਰਾਏ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਤੋਂ ਨਾ ਐਡਮਿਸ਼ਨ ਫੀਸ, ਨਾ ਟਿਊਸ਼ਨ ਫੀਸ, ਨਾ ਹੋਸਟਲ ਖ਼ਰਚਾ ਲਿਆ ਜਾਵੇਗਾ। ਇਹ ਯੂਨੀਵਰਸਿਟੀ ਅਕਾਦਮਿਕ ਉੱਤਮਤਾ, ਨਵੀਨਤਾ ਅਤੇ ਸਮਾਵੇਸ਼ੀ ਵਿਕਾਸ ਦਾ ਕੇਂਦਰ ਬਣੇਗੀ।
ਪ੍ਰੋ. ਡਾਕਟਰ ਐੱਸ.ਪੀ. ਸਿੰਘ ਓਬਰਾਏ, ਜੋ ਸਨੀ ਓਬਰਾਏ ਵਿਵੇਕ ਸਦਨ ਸ੍ਰੀ ਅਨੰਦਪੁਰ ਸਾਹਿਬ (ਫਿਊਚਰਿਸਟਿਕ ਯੂਨੀਵਰਸਿਟੀ) ਦੇ ਚਾਂਸਲਰ ਹਨ, ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਸੁਪ੍ਰਸਿੱਧ ਸਿੱਖ ਚਿੰਤਕ ਕੌਮਾਂਤਰੀ ਅਕਾਦਮੀਸ਼ੀਅਨ ਡਾਕਟਰ ਸਰਬਜਿੰਦਰ ਸਿੰਘ ਨੂੰ ਰੁਤਬੇ ਆਸੀਨ ਕਰ ਦਿੱਤਾ ਗਿਆ ਹੈ। ਵਾਈਸ ਚਾਂਸਲਰ ਸਹਿਬ ਨੇ ਡਾ. ਭੁਪਿੰਦਰ ਕੌਰ ਨੂੰ ਪ੍ਰੋਫੈਸਰ ਡੀਨ, ਡਾ. ਰਾਜਿੰਦਰ ਸਿੰਘ ਅਟਵਾਲ ਨੂੰ ਚਕਿਤਸਾ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਆਫ ਐਮੀਨੈਂਸ, ਸਮ੍ਰਿਤੀ ਪੁਰੀ ਜੀ.ਐੱਸ.ਟੀ. ਤੇ ਇਨਕਮ ਟੈਕਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ, ਸੁਰਿੰਦਰ ਸਿੰਘ ਨੂੰ ਚੀਫ ਉਸਾਰੀ ਵਿਭਾਗ ਜਲਦੀ ਤੋਂ ਜਲਦੀ ਨਿਯੁਕਤ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਸਮੂਹ ਟੀਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਉਪਰੋਕਤ ਪ੍ਰੋਜੈਕਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸ਼ਾਨਦਾਰ ਵਿਰਾਸਤ ਵਿਚ ਇੱਕ ਹੋਰ ਚਮਕਦਾ ਹੀਰਾ ਸਾਬਤ ਹੋਵੇਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਹੀ ਰਸਮੀ ਤਰੀਕੇ ਨਾਲ ਪ੍ਰੋ. ਡਾ. ਸਰਬਜਿੰਦਰ ਸਿੰਘ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ‘ਚ ਨਵੀਆਂ ਬੁਲੰਦੀਆਂ ‘ਤੇ ਲਿਜਾਣ ਦਾ ਪ੍ਰਣ ਲਿਆ।
ਸ਼੍ਰੀ ਅਨੰਦਪੁਰ ਸਾਹਿਬ ਦੀ ਪਾਕ-ਪਵਿੱਤਰ ਧਰਤੀ ‘ਤੇ ਖੋਲ੍ਹੀ ਯੂਨੀਵਰਸਿਟੀ ਹਰ ਵਰਗ ਨੂੰ ਦੇਵੇਗੀ ਬਿਲਕੁਲ ਮੁਫਤ ਵਿੱਦਿਆ : ਡਾ. ਐੱਸ.ਪੀ. ਸਿੰਘ ਓਬਰਾਏ
