#INDIA

ਸ਼ੈਨੇਗਨ ਵੀਜ਼ਾ ਰਿਫਿਊਜ਼ ਹੋਣ ਕਾਰਨ ਇਕ ਸਾਲ ‘ਚ ਭਾਰਤੀਆਂ ਨੂੰ ਹੋਇਆ 109 ਕਰੋੜ ਦਾ ਨੁਕਸਾਨ

ਨਵੀਂ ਦਿੱਲੀ, 12 ਜੁਲਾਈ (ਪੰਜਾਬ ਮੇਲ)- ਭਾਰਤੀਆਂ ‘ਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧ ਗਿਆ ਹੈ, ਜਿਸ ਕਾਰਨ ਲੋਕ ਭਾਰਤ ਤੋਂ ਬਾਹਰ ਜਾਣ ਲਈ ਵੱਡੀ ਤੋਂ ਵੱਡੀ ਰਕਮ ਦੇਣ ਲਈ ਤਿਆਰ ਹਨ। ਇਸੇ ਤਰ੍ਹਾਂ ਸਾਲ 2023 ਦੌਰਾਨ ਵੱਡੀ ਗਿਣਤੀ ‘ਚ ਭਾਰਤੀਆਂ ਨੇ ਸ਼ੈਨੇਗਨ ਦੇਸ਼ਾਂ ‘ਚ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ, ਪਰ ਇਨ੍ਹਾਂ ‘ਚੋਂ ਕਾਫ਼ੀ ਲੋਕਾਂ ਦੀ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ।
ਵੀਜ਼ਾ ਅਪਲਾਈ ਕਰਨ ਲਈ ਦਿੱਤੀ ਗਈ ਫੀਸ ਵੀ ਵਾਪਸ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਕੋ ਸਾਲ (2023) ‘ਚ ਭਾਰਤੀਆਂ ਨੂੰ ਕਰੀਬ 109 ਕਰੋੜ (12 ਮਿਲੀਅਨ ਪੌਂਡ) ਦਾ ਨੁਕਸਾਨ ਝੱਲਣਾ ਪਿਆ ਹੈ।
ਸ਼ੈਨੇਗਨ ਵੀਜ਼ਾ ਮਿਲਣ ‘ਤੇ ਭਾਰਤੀ ਯਾਤਰੀ 29 ਯੂਰਪੀਅਨ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਨ੍ਹਾਂ ਦੇਸ਼ਾਂ ‘ਚ ਬੈਲਜੀਅਮ, ਬੁਲਗਾਰੀਆ, ਕ੍ਰੋਏਸ਼ੀਆ, ਚੈੱਕ ਗਣਰਾਜ, ਡੈਨਮਾਰਕ, ਜਰਮਨੀ, ਐਸਟੋਨੀਆ, ਗਰੀਸ, ਸਪੇਨ, ਫਰਾਂਸ, ਇਟਲੀ, ਲਾਤਵੀਆ, ਲਿਥੁਆਨੀਆ, ਲਗਜ਼ਮਬਰਗ, ਹੰਗਰੀ, ਮਾਲਟਾ, ਨੀਦਰਲੈਂਡ, ਆਸਟ੍ਰੀਆ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਲੋਵੇਨੀਆ, ਸਲੋਵਾਕੀਆ, ਫਿਨਲੈਂਡ, ਆਈਸਲੈਂਡ, ਲਿਕਟੈਂਸਟੀਨ, ਨਾਰਵੇ, ਸਵਿਟਜ਼ਰਲੈਂਡ ਤੇ ਸਵੀਡਨ ਸ਼ਾਮਲ ਹਨ।
ਇਕ ਰਿਪੋਰਟ ਮੁਤਾਬਕ ਬੀਤੇ ਸਾਲ 9,66,687 ਭਾਰਤੀਆਂ ਨੇ ਸ਼ੈਨੇਗਨ ਵੀਜ਼ਾ ਅਪਲਾਈ ਕੀਤਾ ਸੀ, ਜਿਸ ਲਈ 7200 ਰੁਪਏ ਵੀਜ਼ਾ ਫ਼ੀਸ ਦੇ ਹਿਸਾਬ ਨਾਲ ਕਰੀਬ 700 ਕਰੋੜ ਰੁਪਏ ਜਮ੍ਹਾ ਕਰਵਾਏ ਗਏ। ਜਿਨ੍ਹਾਂ ‘ਚੋਂ 1,51,752 ਲੋਕਾਂ ਦੀਆਂ ਅਰਜ਼ੀਆਂ ਨੂੰ ਵਿੱਤੀ ਸਮੱਸਿਆ, ਪੂਰੇ ਕਾਗਜ਼ਾਤ ਨਾ ਹੋਣਾ ਜਾਂ ਯਾਤਰਾ ਦੇ ਉਦੇਸ਼ ਸਪੱਸ਼ਟ ਨਾ ਹੋਣ ਵਰਗੇ ਕਾਰਨਾਂ ਕਾਰਨ ਨਾਮੰਜ਼ੂਰ ਕਰ ਦਿੱਤਾ ਗਿਆ ਤੇ ਇਸ ਕਾਰਨ ਕਰੀਬ 109 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।