ਸੈਕਰਾਮੈਂਟੋ, 21 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਿਕਾਗੋ ਵਿੱਚ ਇੱਕ ਚੱਲਦੀ ਰੇਲ ਗੱਡੀ ਵਿੱਚ ਇਕ ਔਰਤ ਮੁਸਾਫਰ ਨੂੰ ਅੱਗ ਲਾ ਦੇਣ ਦੀ ਖਬਰ ਹੈ। ਇਹ ਜਾਣਕਾਰੀ ਸ਼ਿਕਾਗੋ ਪੁਲਿਸ ਨੇ ਦਿੰਦਿਆਂ ਕਿਹਾ ਹੈ ਕਿ 26 ਸਾਲਾ ਔਰਤ ਸ਼ਿਕਾਗੋ ਟਰਾਂਜਿਟ ਅਥਾਰਟੀ ਟਰੇਨ ਵਿੱਚ ਸਫਰ ਕਰ ਰਹੀ ਸੀ। ਲੂਪ ਜਿਲੇ ਵਿੱਚ ਕਲਾਰਕ ਤੇ ਲੇਕ ਸਟੇਸ਼ਨ ਨੇੜੇ ਰਾਤ 9.25 ਵਜੇ ਦੇ ਕਰੀਬ ਉਸ ਦੀ ਇਕ ਹੋਰ 45 ਸਾਲਾ ਮੁਸਾਫਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ। ਝਗੜਾ ਉਸ ਵੇਲੇ ਸਿਖਰ ‘ਤੇ ਪੁੱਜ ਗਿਆ ਜਦੋਂ ਦੋਸ਼ੀ ਨੇ ਔਰਤ ਉਪਰ ਕੋਈ ਤਰਲ ਪਦਾਰਥ ਪਾ ਕੇ ਅੱਗ ਲਾ ਦਿੱਤੀ। ਗੱਡੀ ਖੜੀ ਹੋਣ ਉਪਰੰਤ ਦੋਸ਼ੀ ਦੌੜ ਗਿਆ। ਔਰਤ ਹੇਠਾਂ ਡਿੱਗ ਗਈ। ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਅੱਗ ਬੁਝਾਈ ਜਾ ਚੁੱਕੀ ਸੀ। ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਦੀ ਭਾਲ ਕਰ ਰਹੀ ਹੈ।

