ਵਿੱਤ ਮੰਤਰੀ ਨੂੰ ਆਗਾਮੀ ਬਜਟ ਸੈਸ਼ਨ ‘ਚ ਮਤਾ ਲਿਆਉਣ ਦੀ ਅਪੀਲ; ਚੀਮਾ ਨੇ ਦਿੱਤਾ ਭਰੋਸਾ
ਘੱਗਾ, 5 ਮਾਰਚ (ਪੰਜਾਬ ਮੇਲ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਮੇਤ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਨੂੰ ਅਜੇ ਤੱਕ ਕੌਮੀ ਸ਼ਹੀਦ ਦਾ ਰੁਤਬਾ ਹਾਸਲ ਨਹੀਂ ਹੋ ਸਕਿਆ। ਹੁਣ ਮੁੜ ਇਹ ਮਾਮਲਾ ਪੰਜਾਬ ਸਰਕਾਰ ਦੀਆਂ ਬਰੂਹਾਂ ‘ਤੇ ਪੁੱਜਿਆ ਹੈ। ਇਸ ਮਿਸ਼ਨ ਦੇ ਮੋਢੀ ਅਤੇ ਸਮਾਜ-ਸੇਵੀ ਭਗਵੰਤ ਸਿੰਘ ਘੱਗਾ ਨੇ ਦੱਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਕੋਲ ਜਾ ਕੇ ਵਿਧਾਨ ਸਭਾ ਦੇ ਆਗਾਮੀ ਬਜਟ ਸੈਸ਼ਨ ਵਿਚ ਇਸ ਸਬੰਧੀ ਮਤਾ ਲਿਆਉਣ ਲਈ ਅਪੀਲ ਕੀਤੀ ਗਈ ਹੈ। ਇਸ ਮੌਕੇ ਵਿੱਤ ਮੰਤਰੀ ਨੂੰ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਮਤੇ ਵੀ ਦਿਖਾਏ ਗਏ। ਉਨ੍ਹਾਂ ਦੱਸਿਆ ਕਿ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਉਦੋਂ ਤੋਂ ਹੀ ਉਨ੍ਹਾਂ ਇਨਕਲਾਬੀ ਸ਼ਹੀਦਾਂ ਲਈ ਇਹ ਮਿਸ਼ਨ ਆਰੰਭਿਆ ਹੋਇਆ ਹੈ ਤੇ ਬਾਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਇਸ ਸਬੰਧੀ ਅਪੀਲ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਇਹ ਮਾਮਲਾ ਅੱਧਵਾਟੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਚੀਮਾ ਨੇ ਮਿਲਣੀ ਦੌਰਾਨ ਪੂਰਾ ਯਕੀਨ ਦਿਵਾਇਆ ਹੈ ਕਿ ਬਜਟ ਸੈਸ਼ਨ ਵਿਚ ਅਜਿਹਾ ਮਤਾ ਲਿਆਉਣ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਹਰ ਯਤਨ ਕੀਤਾ ਜਾਵੇਗਾ ਪਰ ਸਰਕਾਰ ਬਣਨ ਤੋਂ ਬਾਅਦ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਗਿਆ। ਘੱਗਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਸਿੰਘ ਰੋੜੀ, ਕੈਬਨਿਟ ਮੰਤਰੀ ਤੇ ਹੁਣ ‘ਆਪ’ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਕਈ ਸੰਸਦ ਮੈਂਬਰਾਂ, ਵਿਧਾਇਕਾਂ ਤੇ ਹਰਿਆਣਾ ਦੇ ਹੁਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਣੇ ਦਰਜਨਾਂ ਹੀ ਹਰਿਆਣਾ ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਪੰਜਾਬ ਹਰਿਆਣਾ ਦੇ ਵੱਖ-ਵੱਖ ਪਿੰਡਾਂ, ਸਭਾ, ਸੁਸਾਇਟੀਆਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਤੇ ਮੁਖੀਆਂ ਆਦਿ ਦੇ ਇਨ੍ਹਾਂ ਮਤਿਆਂ ‘ਤੇ ਦਸਤਖ਼ਤ ਕਰਵਾਏ ਹਨ।
ਸੁਤੰਤਰਤਾ ਸੰਗਰਾਮੀ ਵਿਭਾਗ ਦੇ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਭਾਵੇਂ ਇਸ ਸਬੰਧੀ ਅਜੇ ਤੱਕ ਵਿਧਾਨ ਸਭਾ ਵਿਚ ਮਤਾ ਤਾਂ ਨਹੀਂ ਲਿਆਂਦਾ ਗਿਆ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ। ਜੇ ਲੋੜ ਪਈ ਤਾਂ ਵਿਧਾਨ ਸਭਾ ਵਿਚ ਵੀ ਇਸ ਸਬੰਧੀ ਮਤਾ ਲਿਆਂਦਾ ਜਾ ਸਕਦਾ ਹੈ।
ਸ਼ਹੀਦ ਭਗਤ ਸਿੰਘ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਮੁੜ ਚਾਰਾਜੋਈ ਸ਼ੁਰੂ
