#PUNJAB

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਜ਼ਿਲ੍ਹਾ ਰੋਪੜ ਵੱਲੋਂ ਖੂਨਦਾਨ, ਮੈਡੀਕਲ ਤੇ ਖੂਨ ਦੇ ਟੈਸਟਾਂ ਦੀ ਜਾਂਚ ਦਾ ਵਿਸ਼ਾਲ ਕੈਂਪ ਲਗਾਇਆ

– 270 ਯੂਨਿਟ ਖੂਨਦਾਨ ਕੀਤਾ ਗਿਆ
– ਚਰਨਜੀਤ ਚੰਨੀ, ਡਾ. ਐੱਸ.ਪੀ. ਸਿੰਘ ਓਬਰਾਏ, ਮੋਹਿਤ ਮਹਿੰਦਰਾ ਸਮੇਤ ਕਈ ਸ਼ਖਸੀਅਤਾਂ ਨੇ ਸ਼ਿਰਕਤ ਕਰ ਪ੍ਰਬੰਧਕਾਂ ਨੂੰ ਦਿੱਤੀ ਵਧਾਈ
ਸ੍ਰੀ ਚਮਕੌਰ ਸਾਹਿਬ, 30 ਸਤੰਬਰ (ਬੇਲਾ/ਪੰਜਾਬ ਮੇਲ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਅਗਵਾਈ ਵਿਚ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬੇਲਾ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਵੱਲੋਂ 270 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ‘ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਦੇ ਨਾਲ-ਨਾਲ ਖੁਦ ਵੀ 24ਵੀਂ ਵਾਰ ਖੂਨਦਾਨ ਕੀਤਾ। ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਓਬਰਾਏ ਵੀ ਪੁੱਜੇ ਤੇ ਉਨ੍ਹਾਂ ਦੀ ਸੰਸਥਾ ਵੱਲੋਂ ਮੁਫਤ ਮੈਡੀਕਲ ਅਤੇ ਖੂਨ ਦੇ ਟੈਸਟਾਂ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ‘ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਯੂਥ ਆਗੂ ਵਿਸ਼ਵਜੀਤ ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਖੂਨਦਾਨ ਕੈਂਪ ਦੇ ਪ੍ਰਬੰਧਕ ਯੂਥ ਕਾਂਗਰਸ ਦੀ ਜ਼ਿਲ੍ਹਾ ਇਲਾਕੀ ਨੂੰ ਵਧਾਈ ਦਿੱਤੀ, ਉਥੇ ਹੀ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਯਾਦ ਰੱਖਣ ਦਾ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ 10ਵੀਂ ਜਮਾਤ ਵਿਚ ਪੜ੍ਹਦੇ ਸਨ, ਤਾਂ ਉਨ੍ਹਾਂ ਵੱਲੋਂ ਉਦੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਤੇ ਇਹ ਦਾਨ ਵਾਰ-ਵਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਕਰਨੇ ਜ਼ਰੂਰੀ ਹਨ ਤੇ ਸਮਾਜ ਸੇਵਾ ਦੇ ਕੰਮਾਂ ਦਾ ਚਾਨਣ ਮੁਨਾਰਾ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ. ਸਿੰਘ ਓਬਰਾਏ ਹਨ। ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਖੂਨਦਾਨ ਕਰਨਾ ਅੱਜ ਸਮੇਂ ਦੀ ਵੱਡੀ ਜ਼ਰੂਰਤ ਹੈ ਤੇ ਇਹ ਖੂਨ ਬਹੁਤ ਲੋਕਾਂ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਿਹਤ ‘ਤੇ ਕੋਈ ਅਸਰ ਨਹੀਂ ਪੈਂਦਾ, ਬਲਕਿ ਇਹ ਸਮਾਜ ਦੀ ਵੱਡੀ ਸੇਵਾ ਹੈ। ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਦੇਸ਼ ਵਿਚ ਸਭ ਤੋਂ ਪਹਿਲਾਂ ਖੂਨਦਾਨ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ, ਜਦ ਕਿ ਪੌਦੇ ਲਗਾਉਣ ਦੀ ਮੁਹਿੰਮ ਵੀ ਸਭ ਤੋਂ ਪਹਿਲਾਂ ਦਿੱਲੀ ਵਿਚ ਯੂਥ ਕਾਂਗਰਸ ਨੇ ਹੀ ਚਲਾਈ ਸੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਰਾਜਸੀ ਘੱਟ ਹੈ ਤੇ ਨੌਜਵਾਨਾਂ ਦਾ ਪਹਿਲਾ ਕੰਮ ਸਮਾਜਿਕ ਖਿੱਤੇ ਵਿਚ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਇਸ ਕੈਂਪ ਵਿਚ ਵੱਡਾ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਚੰਗਾ ਲੱਗਦਾ ਹੈ, ਜਦੋਂ ਨੌਜਵਾਨ ਸਮਾਜ ਸੇਵੀ ਕੰਮਾਂ ਲਈ ਉਭਰ ਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ‘ਤੇ ਆਈਆਂ ਸ਼ਖਸੀਅਤਾਂ ਤੋਂ ਵੀ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਕੈਂਪ ਵਿਚ ਰੋਟਰੀ ਕਲੱਬ ਰੋਪੜ ਸੈਂਟਰਲ ਅਤੇ ਕਮਲਜੀਤ ਸਿੰਘ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਰੋਪੜ ਦੀ ਟੀਮ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ, ਜਦਕਿ ਹੋਮੀ ਭਾਭਾ ਕੈਂਸਰ ਹਸਪਤਾਲ ਚੰਡੀਗੜ੍ਹ, ਸਿਵਲ ਹਸਪਤਾਲ ਰੋਪੜ ਅਤੇ ਡਾ. ਸੁਰਜੀਤ ਹਸਪਤਾਲ ਦੀ ਟੀਮਾਂ ਨੇ ਖੂਨ ਇਕੱਤਰ ਕੀਤਾ। ਇਸ ਦੌਰਾਨ ਮਨਪ੍ਰੀਤ ਚੱਡਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਮਨਜਿੰਦਰ ਜਿੰਦਰੀ ਮੀਤ ਪ੍ਰਧਾਨ, ਹਰਨੇਕ ਕੌਰ ਜਨਰਲ ਸਕੱਤਰ, ਰਾਹੁਲ ਕਾਲੀਆ, ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਕੁਲਤਾਰ ਸਿੰਘ, ਅਜਮੇਰ ਸਿੰਘ ਲੋਦੀ ਮਾਜਰਾ, ਕੌਂਸਲਰ ਸਰਬਜੀਤ ਸਿੰਘ ਆਦਿ ਹਾਜ਼ਰ ਹੋਏ।