ਨਵੀਂ ਦਿੱਲੀ, 21 ਨਵੰਬਰ (ਪੰਜਾਬ ਮੇਲ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘਪਲੇ ‘ਚ ਇਕ ਵਾਰ ਫਿਰ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਕੇਜਰੀਵਾਲ ਨੇ ਟ੍ਰਾਇਲ ਕੋਰਟ ‘ਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਏ ਜਾਣ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਟ੍ਰਾਇਲ ਕੋਰਟ ਵਲੋਂ ਈ.ਡੀ. ਦੀ ਸ਼ਿਕਾਇਤ ‘ਤੇ ਨੋਟਿਸ ਲੈਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇਸ ਲਈ ਮਨਜ਼ੂਰੀ ਨਹੀਂ ਹੋਣ ਦੀ ਦਲੀਲ ਦਿੱਤੀ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਟ੍ਰਾਇਲ ਕੋਰਟ ਦੇ ਫ਼ੈਸਲੇ ਨੂੰ ਰੱਦ ਕੀਤਾ ਜਾਵੇ ਤੇ ਮੁਕੱਦਮੇ ‘ਤੇ ਰੋਕ ਲਾਈ ਜਾਵੇ। ਕੇਜਰੀਵਾਲ ਦੀ ਇਸ ਪਟੀਸ਼ਨ ‘ਤੇ ਵੀਰਵਾਰ ਨੂੰ ਸੁਣਾਈ ਹੋ ਸਕਦੀ ਹੈ। ਪਟੀਸ਼ਨ ‘ਚ ਦਲੀਲ ਦਿੱਤੀ ਗਈ ਹੈ ਕਿ ਟ੍ਰਾਇਲ ਕੋਰਟ ਦੇ ਜੱਜ ਨੇ ਸੀ.ਆਰ.ਪੀ.ਸੀ. ਦੀ ਧਾਰਾ 197 (1) ਤਹਿਤ ਮਨਜ਼ੂਰੀ ਲਏ ਬਗੈਰ ਪੀ.ਐੱਮ.ਏ. ਦੀ ਧਾਰਾ 3 ਤਹਿਤ ਅਪਰਾਧ ਦਾ ਨੋਟਿਸ ਲਿਆ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਵਲੋਂ ਦਾਇਰ ਉਸ ਪਟੀਸ਼ਨ ‘ਤੇ ਈ.ਡੀ. ਕੋਲੋਂ ਜਵਾਬ ਮੰਗਿਆ ਸੀ, ਜਿਸ ਵਿਚ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਰੀ ਸੰਮਨ ਨੂੰ ਚੁਣੌਤੀ ਦਿੱਤੀ ਹੈ।