#AMERICA

ਸ਼ਟਡਾਊਨ ਕਾਰਨ ਅਮਰੀਕਾ ‘ਚ ਵੱਡੀ ਗਿਣਤੀ ‘ਚ ਫਲਾਈਟਾਂ ਹੋ ਰਹੀਆਂ ਪ੍ਰਭਾਵਿਤ

-ਸਟਾਫ ਦੀ ਘਾਟ ਕਾਰਨ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਰੋਕੀਆਂ
ਲਾਸ ਏਂਜਲਸ, 28 ਅਕਤੂਬਰ (ਪੰਜਾਬ ਮੇਲ)– ਅਮਰੀਕਾ ‘ਚ ਫੈਡਰਲ ਸਰਕਾਰ ਦੇ ਸ਼ਟਡਾਊਨ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਕਮੀ ਕਾਰਨ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।  ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਹਵਾਈ ਆਵਾਜਾਈ ਕੰਟਰੋਲ ਕੇਂਦਰ ‘ਚ ਸਟਾਫ ਦੀ ਘਾਟ ਕਾਰਨ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ ਹਨ।
ਫੈੱਡਰਲ ਏਵੀਏਸ਼ਨ ਪ੍ਰਸ਼ਾਸਨ (ਐੱਫ.ਏ.ਏ.) ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਸ਼ਿਕਾਗੋ, ਵਾਸ਼ਿੰਗਟਨ ਅਤੇ ਨੇਵਾਰਕ (ਨਿਊਜਰਸੀ) ਵਿਚ ਸਟਾਫ ਦੀ ਘਾਟ ਕਾਰਨ ਉਡਾਣ ਸੰਚਾਲਨ ਵਿਚ ਦੇਰੀ ਦੀ ਰਿਪੋਰਟ ਵੀ ਕੀਤੀ। ਐੱਫ.ਏ.ਏ. ਨੇ ਦੁਨੀਆਂ ਦੇ ਸਭ ਤੋਂ ਬਿਜ਼ੀ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।
ਇਸ ਤੋਂ ਤੁਰੰਤ ਬਾਅਦ ਅਮਰੀਕੀ ਆਵਾਜਾਈ ਸਕੱਤਰ ਸੀਨ ਡਫੀ ਨੇ ਖਦਸ਼ਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਉਡਾਣਾਂ ‘ਚ ਦੇਰੀ ਹੋ ਸਕਦੀ ਜਾਂ ਉਨ੍ਹਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਕਿਉਂਕਿ ਦੇਸ਼ ਦੇ ਹਵਾਈ ਆਵਾਜਾਈ ਕੰਟਰੋਲਰ ਸੰਘੀ ਸਰਕਾਰ ਦੇ ‘ਸ਼ਟਡਾਊਨ’ ਦੌਰਾਨ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ।