ਫਰਿਜ਼ਨੋ, 12 ਅਗਸਤ (ਨੀਟਾ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੀ ਬਹੁਪੱਖੀ ਸ਼ਖ਼ਸੀਅਤ ਸਵ. ਗੁੱਡੀ ਸਿੱਧੂ ਕੁਝ ਵਰਸ਼ ਪਹਿਲਾਂ ਅਚਾਨਕ ਵਿਛੋੜਾ ਦੇ ਗਏ ਸਨ। ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਸਹਿਤਕ ਸਮਾਗਮ ਸ਼ਾਇਰ ਹਰਜਿੰਦਰ ਕੰਗ, ਡਾ. ਗੁਰਚਰਨ ਸਿੰਘ ਸਿੱਧੂ ਅਤੇ ਸਾਥੀਆਂ ਵੱਲੋਂ ਇੰਡੀਆ ਓਵਨ ਰੈਸਟੋਰੈਂਟ ਵਿਚ ਰੱਖਿਆ ਗਿਆ। ਇਸ ਸਮਾਗਮ ਵਿਚ ਫਰਿਜ਼ਨੋ ਦੀਆਂ ਸਿਰਕੱਢ ਸਾਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ। ਸਟੇਜ ਦੀ ਸ਼ੁਰੂਆਤ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆਂ ਆਖਕੇ ਸ਼ਾਇਰਾਨਾ ਅੰਦਾਜ਼ ਵਿਚ ਕੀਤੀ। ਇਸ ਪਿੱਛੋਂ ਰਾਜ ਬਰਾੜ ਨੇ ਇੱਕ ਧਾਰਮਿਕ ਗੀਤ ਗਾਇਆ। ਬੁਲਾਰਿਆਂ ਵਿਚ ਟੋਨੀ ਰੇਡੀਓ ਕੇ.ਬੀ.ਆਈ.ਐੱਫ. 900, ਜਨਕਰਾਜ ਸਿੰਘ, ਕਰਮ ਸਿੰਘ ਮਾਨ, ਗੁਰਪ੍ਰੀਤ ਮਾਨ, ਅਵਤਾਰ ਗੋਂਦਾਰਾ, ਜੋਤ ਰਣਜੀਤ ਕੌਰ, ਸੰਤੋਖ ਮਨਿਹਾਸ, ਗੁੱਡੀ ਰਾਣੂੰ, ਡਾ. ਚੰਨ, ਗੁਰਚਰਨ ਸਿੰਘ ਸਿੱਧੂ, ਚਰਨਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਢੇਸੀ, ਕਮਲਜੀਤ ਬੈਨੀਪਾਲ, ਸ਼ਾਇਰ ਰਣਜੀਤ ਗਿੱਲ, ਸ਼ਾਇਰ ਦਲਜੀਤ ਰਿਆੜ, ਨਾਵਲਕਾਰ ਸਾਧੂ ਸਿੰਘ ਸੰਘਾ ਆਦਿ ਹਾਜ਼ਰੀ ਲਵਾਈ। ਉਨ੍ਹਾਂ ਗੁੱਡੀ ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਗੁੱਡੀ ਸਿੱਧੂ ਇੱਕ ਬਹੁਪੱਖੀ ਸ਼ਖਸੀਅਤ ਹੀ ਨਹੀਂ, ਸਗੋਂ ਇੱਕ ਤੁਰਦੀ ਫਿਰਦੀ ਸੰਸਥਾ ਸੀ। ਇਸ ਮੌਕੇ ਸ਼ਾਇਰਾਂ ਨੇ ਕਵਿਤਾਵਾਂ ਨਾਲ ਵੀ ਹਾਜ਼ਰੀ ਲਵਾਈ।
ਸਵ. ਗੁੱਡੀ ਸਿੱਧੂ ਦੀ ਯਾਦ ਵਿਚ ਫਰਿਜ਼ਨੋ ਵਿਖੇ ਸਮਾਗਮ
