ਜਨੇਵਾ, 22 ਜੂਨ (ਪੰਜਾਬ ਮੇਲ)- ਸਵਿਟਜ਼ਰਲੈਂਡ ਦੀ ਅਦਾਲਤ ਨੇ ਕਰੋੜਪਤੀ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਨੌਕਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਹੇਠ ਚਾਰ ਤੋਂ ਸਾਢੇ ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ ਰੱਦ ਕਰ ਦਿੱਤੇ। ਮੁਲਜ਼ਮਾਂ ਵਿਚ ਭਾਰਤੀ ਮੂਲ ਦੇ ਵੱਡੇ ਕਾਰੋਬਾਰੀ ਪ੍ਰਕਾਸ਼ ਹਿੰਦੂਜਾ, ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਸ਼ਾਮਲ ਹਨ। ਇਨ੍ਹਾਂ ‘ਤੇ ਆਪਣੇ ਨੌਕਰਾਂ ਦੀ ਤਸਕਰੀ ਕਰਨ ਦਾ ਦੋਸ਼ ਸੀ। ਜ਼ਿਆਦਾਤਰ ਨੌਕਰ ਅਨਪੜ੍ਹ ਸਨ, ਜੋ ਉਨ੍ਹਾਂ ਦੇ ਜਨੇਵਾ ਵਿਚ ਝੀਲ ਕੰਢੇ ਸਥਿਤ ਆਲੀਸ਼ਾਨ ਵਿਲਾ ਵਿਚ ਕੰਮ ਕਰਦੇ ਸਨ। ਸਜ਼ਾ ਸੁਣਾਏ ਜਾਣ ਮੌਕੇ ਹਿੰਦੂਜਾ ਪਰਿਵਾਰ ਦੇ ਉਪਰੋਕਤ ਮੈਂਬਰ ਜਨੇਵਾ ਦੀ ਅਦਾਲਤ ਵਿਚ ਮੌਜੂਦ ਨਹੀਂ ਸਨ। ਹਾਲਾਂਕਿ, ਪੰਜਵਾਂ ਮੁਲਜ਼ਮ ਤੇ ਪਰਿਵਾਰ ਦਾ ਬਿਜ਼ਨੈੱਸ ਮੈਨੇਜਰ ਨਜੀਬ ਨਿਆਜ਼ੀ ਅਦਾਲਤ ਵਿਚ ਹਾਜ਼ਰ ਸੀ। ਉਸ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਨਾਲ ਹੀ ਮੁਅੱਤਲ ਕਰ ਦਿੱਤਾ ਗਿਆ।