#EUROPE

ਸਲੋਹ ਸ਼ਹਿਰ ‘ਚ ਬਲਵਿੰਦਰ ਸਿੰਘ ਢਿੱਲੋਂ ਨੇ ਪਹਿਲਾ ਸਿੱਖ ਮੇਅਰ ਬਣ ਰਚਿਆ ਇਤਿਹਾਸ

ਸਲੋਹ, 20 ਮਈ (ਪੰਜਾਬ ਮੇਲ)- ਸਥਾਨਕ ਸ਼ਹਿਰ ਸਲੋਹ ਵਿਚ ਕੰਜ਼ਰਵੇਟਿਵ ਪਾਰਟੀ ਦੇ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੇ ਪਹਿਲੇ ਸਿੱਖ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਸਲੋਹ ਵਿਚ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਵਿਚ ਆਪਸੀ ਗਠਜੋੜ ਸਰਕਾਰ ਹੈ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੂੰ ਮੇਅਰ ਬਣਾਇਆ ਗਿਆ ਹੈ।
ਬਲਵਿੰਦਰ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ, ਜੋ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਸਲੋਹ ਦੇ ਮੇਅਰ ਦਫ਼ਤਰ ਵਿਚ ਹੋਈ ਮੇਅਰ ਚੋਣ ਦੌਰਾਨ ਕੌਂਸਲਰ ਢਿੱਲੋਂ ਨੇ ਲੇਬਰ ਦੇ ਕੌਂਸਲਰ ਡਾਰ ਨੂੰ ਸ਼ਿਕਸਤ ਦਿੱਤੀ ਸੀ। ਇਸ ਮੌਕੇ ਲੇਬਰ ਦੇ 18 ਕੌਂਸਲਰਾਂ ਵਿਚੋਂ 16 ਮੈਂਬਰ ਹੀ ਹਾਜ਼ਰ ਰਹੇ।
ਇਸ ਉਪਰੰਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੇਅਰ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਤੇ ਲਿਬਰਲ ਡੈਮੋਕਰੇਟਸ ਦੇ ਡਿਪਟੀ ਮੇਅਰ ਕੌਂਸਲਰ ਅਸੀਮ ਨਵੀਦ ਵੱਲੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਰਸਮ ਅਦਾ ਕੀਤੀ ਗਈ। ਸਲੋਹ ਸ਼ਹਿਰ ਅੰਦਰ ਬੀਤੇ ਕਈ ਸਾਲਾਂ ਤੋਂ ਲੇਬਰ ਪਾਰਟੀ ਦਾ ਬਹੁਮਤ ਬਰਕਰਾਰ ਰਿਹਾ ਹੈ ਪਰ ਬੀਤੇ ਵਰ੍ਹੇ ਹੋਈਆ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 21 ਕੌਂਸਲਰ, ਲੇਬਰ ਪਾਰਟੀ ਦੇ 18 ਕੌਂਸਲਰ ਤੇ 3 ਲਿਬਰਲ ਡੈਮੋਕਰੇਟਸ ਕੌਂਸਲਰ ਜਿੱਤੇ ਸਨ ਤੇ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਨੇ ਆਪਸੀ ਗਠਜੋੜ ਕਰਕੇ ਲੇਬਰ ਕਬਜ਼ੇ ਵਾਲੇ ਸ਼ਹਿਰ ਵਿਚ ਸਰਕਾਰ ਬਣਾ ਕੇ ਇਤਿਹਾਸ ਰਚਿਆ ਸੀ।
ਇਸ ਮੌਕੇ ਸਲੋਹ ਦੇ ਕੌਂਸਲਰਾਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਦੀਪ ਸਿੰਘ ਗਰੇਵਾਲ, ਜਸਵੰਤ ਸਿੰਘ ਢਿੱਲੋਂ, ਕੌਂਸਲਰ ਇਸਰਤ ਸ਼ਾਹ, ਸਾਬਕਾ ਮੇਅਰ ਮੇਵਾ ਸਿੰਘ ਮਾਨ ਤੇ ਰਵੀ ਬੌਲਾਨੀਆ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਦੋਸਤ ਹਾਜ਼ਰ ਸਨ। ਇਸ ਮੌਕੇ ਲੇਬਰ ਪਾਰਟੀ ਦੇ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਵੀ ਮੌਜੂਦ ਸਨ।