#CANADA

ਸਰੀ ਵਿਚ ਕਪਿਲ ਸ਼ਰਮਾ ਦੇ ਰੈਸਤਰਾਂ ‘ਤੇ ਤੀਜੀ ਵਾਰ ਗੋਲੀਬਾਰੀ

ਸਰੀ, 17 ਅਕਤੂਬਰ (ਪੰਜਾਬ ਮੇਲ)- ਸਰੀ ਵਿਚ ਵੀਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਤਰਾਂ ਵਿਚ ਮੁੜ ਗੋਲੀਬਾਰੀ ਕੀਤੀ ਗਈ। ਜੁਲਾਈ ਵਿਚ ਰੈਸਤਰਾਂ ਖੁੱਲ੍ਹਣ ਮਗਰੋਂ ਇਥੇ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਸਰੀ ਪੁਲਿਸ ਸਰਵਿਸ (ਐੱਸ.ਪੀ.ਐੱਸ.) ਵੀਰਵਾਰ ਸਵੇਰੇ ਲਗਪਗ 3:45 ਵਜੇ 85ਵੇਂ ਐਵੇਨਿਊ ਤੇ 120ਵੇਂ ਸਟਰੀਟ ਸਥਿਤ ਰੈਸਤਰਾਂ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਕੈਫੇ ਦੇ ਅੰਦਰ ਸਨ, ਪਰ ਕੋਈ ਜ਼ਖ਼ਮੀ ਨਹੀਂ ਹੋਇਆ। ਰੈਸਤਰਾਂ ‘ਤੇ 10 ਜੁਲਾਈ ਅਤੇ 7 ਅਗਸਤ ਨੂੰ ਹੋਈ ਗੋਲੀਬਾਰੀ ਮਗਰੋਂ ਇਹ ਇਸ ਮਹੀਨੇ ਦੇ ਸ਼ੁਰੂ ਵਿਚ ਮੁੜ ਖੁੱਲ੍ਹਿਆ ਸੀ। ਰੈਸਤਰਾਂ ‘ਤੇ 7 ਅਗਸਤ ਨੂੰ ਤੜਕੇ ਗੋਲੀਬਾਰੀ ਕੀਤੀ ਗਈ ਸੀ। ਇਸ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਗੋਲੀਬਾਰੀ ਨਾਲ ਸਿਰਫ਼ ਖਿੜਕੀਆਂ ਤੇ ਇਮਾਰਤ ਨੂੰ ਨੁਕਸਾਨ ਪੁੱਜਾ ਸੀ। ਇਹ ਰੈਸਤਰਾਂ 4 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਖੁੱਲ੍ਹਿਆ ਸੀ। ਉਦਘਾਟਨ ਦੇ ਇੱਕ ਹਫ਼ਤੇ ਦੇ ਅੰਦਰ ਹੀ ਇਸ ‘ਤੇ ਹਮਲਾ ਕੀਤਾ ਗਿਆ। ਪਹਿਲੀ ਵਾਰ 10 ਜੁਲਾਈ ਨੂੰ ਗੋਲੀਬਾਰੀ ਕੀਤੀ ਗਈ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ।