#CANADA

ਸਰੀ ਵਿਖੇ ਸ਼ਾਇਰ ਗੁਰਭਜਨ ਗਿੱਲ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼

ਸਰੀ, 4 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨੀਂ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਦੇ ਲੇਖਕਾਂ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਭਜਨ ਗਿੱਲ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਵਿਸ਼ੇਸ਼ ਤੌਰ ‘ਤੇ ਇਹ ਪੁਸਤਕ ਲੈ ਕੇ ਸਰੀ ਵਿਖੇ ਆਏ ਸਨ।
ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਕਰਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਗੁਰਭਜਨ ਗਿੱਲ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੇ ਅਨੇਕ ਸ਼ੇਅਰ ਅਤੇ ਕਾਵਿ ਟੁਕੜੀਆਂ ਸਮਾਜ ਦੇ ਹਰ ਵਰਗ ਦੇ ਪਾਠਕਾਂ ਦੀ ਜ਼ੁਬਾਨ ‘ਤੇ ਚੜ੍ਹੀਆਂ ਹੋਈਆਂ ਹਨ। ਇਸ ਲਈ ਸ਼ਾਇਰ ਗੁਰਭਜਨ ਗਿੱਲ ਨੂੰ ਲੋਕ ਕਵੀ ਹੋਣ ਦਾ ਦਰਜਾ ਹਾਸਲ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਦੇ ਸਨਮਾਨ ਨਾਲ ਨਿਵਾਜਿਆ ਹੈ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ‘ਚ ਉਸ ਨੇ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਤਲਾਸ਼ਦਿਆਂ ਆਧੁਨਿਕ ਮਨੁੱਖ ਨੂੰ ਦਰਪੇਸ਼ ਤ੍ਰਾਸਦੀਆਂ ਦੀ ਨਿਸ਼ਾਨਦੇਹੀ ਕੀਤੀ ਹੈ।
ਸ਼ਾਇਰ ਜਸਵਿੰਦਰ ਨੇ ਕਿਹਾ ਕਿ ਜ਼ੇਵਰ ਦੀ ਵਿੱਲਖਣ ਕਾਵਿ ਭਾਸ਼ਾ ਪੰਜਾਬੀ ਪਾਠਕ ਦੇ ਮਨ ਵਿਚ ਸਹਿਜੇ ਹੀ ਉਤਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਰਹਿਤਲ ਵਿਚੋਂ ਲਏ ਬਿੰਬਾਂ, ਪ੍ਰਤੀਕਾਂ ਦੀ ਆਪਣੇ ਸ਼ੇਅਰਾਂ ਵਿਚ ਸੁਯੋਗ ਵਰਤੋਂ ਕਰਨੀ ਸ਼ਾਇਰ ਗੁਰਭਜਨ ਗਿੱਲ ਦੀ ਵਿਸ਼ੇਸ਼ਤਾ ਹੈ। ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਹਰਦਮ ਮਾਨ, ਸਤੀਸ਼ ਗੁਲਾਟੀ ਅਤੇ ਅੰਗਰੇਜ਼ ਬਰਾੜ ਹੋਰਾਂ ਨੇ ਇਹ ਖੂਬਸੂਰਤ ਪੁਸਤਕ ਰਿਲੀਜ਼ ਹੋਣ ‘ਤੇ ਸ਼ਾਇਰ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ।