ਵੈਨਕੂਵਰ, 20 ਜੂਨ (ਪੰਜਾਬ ਮੇਲ)- ਸਰੀ ਪੁਲਿਸ ਨੇ ਚੋਰੀ ਦੀ ਕਾਰ ਸਮੇਤ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜੋਤ ਸਿੰਘ ਭੱਟੀ (20) ਵਜੋਂ ਹੋਈ ਹੈ। ਪੁਲਿਸ ਦੇ ਬੁਲਾਰੇ ਜੇਮਜ਼ ਮੈਸਨ ਨੇ ਦੱਸਿਆ ਕਿ ਬੀਤੇ ਹਫਤੇ ਕਾਰ ਮਾਲਕ ਨੇ ਕਾਰ ਚੋਰੀ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਪੁਲਿਸ ਕਾਰ ਦੀ ਭਾਲ ਵਿਚ ਲੱਗ ਗਈ। ਇਸ ਦੌਰਾਨ ਸਰੀ ਵਿਚ ਪੁਲਿਸ ਟੀਮ ਨੇ ਜਦੋਂ ਸ਼ੱਕ ਦੇ ਆਧਾਰ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਾਰ ਚਾਲਕ ਰੁੱਕਣ ਦੀ ਥਾਂ ਰਿਚਮੰਡ ਜਾ ਵੜਿਆ। ਜਿਵੇਂ ਹੀ ਚਾਲਕ ਨੇ ਕਾਰ ਪਾਰਕ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਕਾਰ ਜ਼ਬਤ ਕਰ ਲਈ। ਪੁਲਿਸ ਮੁਲਜ਼ਮ ਕੋਲੋਂ ਹੋਰ ਪੁੱਛ-ਪੜਤਾਲ ਕਰਕੇ ਅਦਾਲਤ ਵਿਚ ਪੇਸ਼ ਕਰੇਗੀ।