ਵੈਨਕੂਵਰ, 16 ਸਤੰਬਰ (ਪੰਜਾਬ ਮੇਲ)- ਵੈਦਿਕ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਚਲਾਏ ਜਾਂਦੇ ਸਰੀ ਵਿਚਲੇ ਲਕਸ਼ਮੀ ਨਰਾਇਣ ਮੰਦਰ ਦੀ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਪੀਅਰ ਪੋਲੀਵਰ ਨੂੰ 4 ਸਤੰਬਰ ਨੂੰ ਲਿਖੀ ਚਿੱਠੀ ਜਨਤਕ ਹੋਣ ਤੋਂ ਬਾਅਦ ਭਖੇ ਮਾਮਲੇ ਬਾਰੇ ਇੱਕ ਹੋਰ ਚਿੱਠੀ ਲਿਖ ਕੇ ਪਹਿਲੀ ਚਿੱਠੀ ਵਿਚਲੀ ਗਲਤੀ ਮੰਨ ਲਈ ਹੈ। ਪਹਿਲੀ ਚਿੱਠੀ ਵਿਚ ਸਤੀਸ਼ ਕੁਮਾਰ ਨੇ ਟੋਰੀ ਆਗੂ ਨੂੰ ਲਿਖਿਆ ਸੀ ਕਿ ਉਹ ਮੰਦਰ ਆਉਣ ਮੌਕੇ ਆਪਣੀ ਪਾਰਟੀ ਵਿਚਲੇ ਸਿੱਖ ਆਗੂਆਂ ਨੂੰ ਨਾਲ ਨਾ ਲਿਆਇਆ ਕਰਨ ਕਿਉਂਕਿ ਸਿੱਖਾਂ ਦੀ ਸੋਚ ਉਨ੍ਹਾਂ ਤੋਂ ਵੱਖਰੀ ਹੈ। ਚਿੱਠੀ ਵਾਇਰਲ ਹੋਣ ‘ਤੇ ਭਖੇ ਮਾਮਲੇ ਮਗਰੋਂ ਸਰੀ ਦੇ ਰੇਡੀਓ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਸਤੀਸ਼ ਕੁਮਾਰ ਨੇ ਮੰਨਿਆ ਕਿ ਇਸ ਮੰਦਰ ਦੀ ਉਸਾਰੀ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਸੀ।