-ਸਜ਼ਾ ਪੂਰੀ ਹੋਣ ‘ਤੇ ਕੀਤਾ ਜਾਵੇਗਾ ਡਿਪੋਰਟ
ਸਰੀ, 11 ਅਕਤੂਬਰ (ਪੰਜਾਬ ਮੇਲ)- ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਭਾਬੀ ਦਾ ਕਤਲ ਕਰਨ ਅਤੇ 2 ਸਾਲਾ ਭਤੀਜੀ ਅਤੇ ਬਜ਼ੁਰਗ ਪਿਤਾ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਬੀ.ਸੀ. ਸੁਪਰੀਮ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਉਸ ‘ਤੇ 10 ਸਾਲ ਲਈ ਹਥਿਆਰ ਰੱਖਣ ‘ਤੇ ਵੀ ਪਾਬੰਦੀ ਲਗਾਈ ਹੈ। ਮ੍ਰਿਤਕ ਔਰਤ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ। ਹਰਪ੍ਰੀਤ ਨੇ ਪਿਛਲੇ ਦਿਨੀਂ ਆਪਣੀ ਭਾਬੀ ਦਾ ਕਤਲ ਕਰਨ ਅਤੇ ਭਤੀਜੀ ਅਤੇ ਪਿਤਾ ਨੂੰ ਜ਼ਖ਼ਮੀ ਕਰਨ ਦਾ ਗੁਨਾਹ ਕਬੂਲ ਕਰ ਲਿਆ ਸੀ।
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਰ.ਸੀ.ਐੱਮ.ਪੀ. ਦੇ ਬੁਲਾਰੇ ਨੇ ਦੱਸਿਆ ਕਿ ਵਾਰਦਾਤ ਮਗਰੋਂ ਹਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਦੋਂ ਤੋਂ ਹੁਣ ਤੱਕ ਜੇਲ੍ਹ ਵਿਚ ਲੰਘਾਇਆ ਸਮਾਂ ਘਟਾਉਣ ਮਗਰੋਂ ਹਰਪ੍ਰੀਤ ਸਿੰਘ ਨੂੰ 4 ਸਾਲ ਹੀ ਜੇਲ੍ਹ ਵਿਚ ਰਹਿਣਾ ਪਵੇਗਾ। 39 ਸਾਲਾ ਹਰਪ੍ਰੀਤ ਆਸਟ੍ਰੇਲੀਆ ਅਤੇ ਭਾਰਤ ਦਾ ਦੋਹਰਾ ਨਾਗਰਿਕ ਹੈ ਅਤੇ ਸਜ਼ਾ ਪੂਰੀ ਹੋਣ ‘ਤੇ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।
ਅਦਾਲਤੀ ਕਾਰਵਾਈ ਤੋਂ ਪਤਾ ਲੱਗਾ ਕਿ ਸਿੰਘ ਅਤੇ ਉਸਦੇ ਪਿਤਾ ਵਿਚਕਾਰ ਬਹਿਸ ਹੋਈ ਸੀ, ਜੋ ਇਸ ਹੱਦ ਤੱਕ ਵੱਧ ਗਈ ਕਿ ਹਰਪ੍ਰੀਤ ਨੇ ਆਪਣੀ ਭਾਬੀ ਉੱਤੇ ਰਸੋਈ ਦੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਬਲਜੀਤ ਕੌਰ ਨੇ ਦੋ ਸਾਲ ਦੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਸੀ। ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਸ ਦੇ ਪਿਤਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਏ। ਅਦਾਲਤੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਹਮਲੇ ਵਿਚ ਬੱਚੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।