#CANADA

ਸਰੀ ‘ਚ ਪੰਜਾਬੀ ਨੌਜਵਾਨਾਂ ਨੂੰ ਨਕਲੀ ਬੰਦੂਕ ਨਾਲ ਖੇਡਣਾ ਪਿਆ ਮਹਿੰਗਾ

ਵੈਨਕੂਵਰ, 27 ਜੂਨ (ਪੰਜਾਬ ਮੇਲ)- ਸਰੀ ਪੁਲਿਸ ਵੱਲੋਂ ਪੰਜਾਬੀ ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਚਰਚਾ ਹੈ ਕਿ ਕਿਸੇ ਪੰਜਾਬੀ ਨੇ ਹੀ ਇਹ ਵੀਡੀਓ ਬਣਾਈ ਹੈ। ਜਾਣਕਾਰੀ ਅਨੁਸਾਰ ਸਰੀ ਦੇ 78-ਏ ਐਵੇਨਿਊ ਦੇ ਇਕ ਘਰ ‘ਚ 7-8 ਪੰਜਾਬੀ ਵਿਦਿਆਰਥੀ ਰਹਿੰਦੇ ਸਨ। ਇਨ੍ਹਾਂ ‘ਚੋਂ ਇਕ ਨੌਜਵਾਨ ਬਾਜ਼ਾਰ ‘ਚੋਂ ਨਕਲੀ ਬੰਦੂਕ ਖਰੀਦ ਲਿਆਇਆ ਤੇ ਬਾਹਰ ਬੈਠ ਕੇ ਉਸ ਨੂੰ ਸਾਫ਼ ਕਰਨ ਦਾ ਨਾਟਕ ਕਰਨ ਲੱਗਾ। ਗੁਆਂਢੀਆਂ ਨੇ ਬੰਦੂਕ ਅਸਲੀ ਸਮਝ ਕੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਮਿੰਟਾਂ ‘ਚ ਪੁਲਿਸ ਦੀਆਂ ਕਈ ਗੱਡੀਆਂ ਪਹੁੰਚ ਗਈਆਂ ਅਤੇ ਘਰ ਨੂੰ ਘੇਰਾ ਪਾ ਕੇ ਸਪੀਕਰ ਰਾਹੀਂ ਸਭ ਨੂੰ ਹੱਥ ਖੜ੍ਹੇ ਕਰ ਕੇ ਬਾਹਰ ਆਉਣ ਲਈ ਕਿਹਾ। ਜਿਵੇਂ-ਜਿਵੇਂ ਉਸ ਘਰ ‘ਚ ਰਹਿੰਦੇ ਮੁੰਡੇ ਬਾਹਰ ਆਉਂਦੇ ਗਏ, ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਜ਼ਮੀਨ ‘ਤੇ ਬਿਠਾਉਂਦੇ ਗਏ।
ਕਈ ਘੰਟਿਆਂ ਬਾਅਦ ਪੁਲਿਸ ਨੇ ਦੱਸਿਆ ਕਿ ਘਰ ‘ਚੋਂ ਨਕਲੀ ਬੰਦੂਕ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ‘ਚੋਂ ਇਕ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਬੰਦੂਕ ਖਰੀਦਣ ਦਾ ਮਕਸਦ ਲੁੱਟ-ਖੋਹ ਦਾ ਇਰਾਦਾ ਤਾਂ ਨਹੀਂ ਸੀ। ਉਂਜ ਵੀਡੀਓ ਕਿਸੇ ਪੰਜਾਬੀ ਵੱਲੋਂ ਬਣਾਈ ਹੋਈ ਲੱਗਦੀ ਹੈ। ਵੀਡੀਓ ਵਿਚ ਉਹ ਪੰਜਾਬੀ ‘ਚ ਕਿਸੇ ਨਾਲ ਗੱਲ ਕਰਦਾ ਸੁਣਾਈ ਦੇ ਰਿਹਾ ਹੈ।