+1-916-320-9444 (USA)
#CANADA

ਸਰੀ ‘ਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਹਮਲਾਵਰਾਂ ਨੇ ਕੁਝ ਦਿਨ ਪਹਿਲਾਂ ਕਾਰੋਬਾਰੀ ਤੋਂ ਫੋਨ ‘ਤੇ ਮੰਗੀ ਸੀ ਫਿਰੌਤੀ
ਵੈਨਕੂਵਰ, 13 ਜੂਨ (ਪੰਜਾਬ ਮੇਲ)- ਸਰੀ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿਚ ਬੁੱਧਵਾਰ ਬਾਅਦ ਦੁਪਹਿਰ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬੇਸ਼ੱਕ ਪੁਲਿਸ ਨੇ ਮਰਨ ਵਾਲੇ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਉਸ ਦੇ ਨੇੜਲੇ ਜਾਣਕਾਰਾਂ ਅਨੁਸਾਰ ਉਹ ਐਬਟਸਫੋਰਡ ਦਾ ਵਸਨੀਕ ਸਤਵਿੰਦਰ ਸ਼ਰਮਾ ਹੈ, ਜੋ ਲੇਬਰ ਠੇਕੇਦਾਰੀ ਦੇ ਨਾਲ-ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ। ਸਰੀ ਪੁਲਿਸ ਅਨੁਸਾਰ ਬਾਅਦ ਦੁਪਹਿਰ 84 ਐਵੇਨਿਊ ਅਤੇ 160 ਸਟਰੀਟ ਸਥਿਤ ਕਾਰੋਬਾਰੀ ਸਥਾਨ ‘ਤੇ ਗੋਲੀਆਂ ਚੱਲਣ ਦਾ ਪਤਾ ਲੱਗਦੇ ਹੀ ਪੁਲਿਸ ਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ, ਤਾਂ ਉਹ ਤੜਪ ਰਿਹਾ ਸੀ। ਬਚਾਉਣ ਦੇ ਯਤਨਾਂ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਿਸ ਅਨੁਸਾਰ ਮਾਮਲਾ ਕਤਲ ਦੀ ਜਾਂਚ ਦਾ ਹੈ, ਜੋ ਅੱਗੇ ਵਿਸ਼ੇਸ਼ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਮੌਜੂਦਾ ਸਾਲ ਦੌਰਾਨ ਸਰੀ ‘ਚ ਇਹ ਤੀਜਾ ਕਤਲ ਹੈ।
ਬੇਸ਼ੱਕ ਪੁਲਿਸ ਹੋਰ ਜਾਣਕਾਰੀ ਦੇਣ ਤੋਂ ਅਸਮਰੱਥ ਹੈ, ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ, ਪਰ ਫਿਰੌਤੀ ਦੇ ਫੋਨ ਆਏ ਸੀ। ਚਾਰ ਕੁ ਦਿਨ ਪਹਿਲਾਂ ਸਰੀ ਵਿਚਲੇ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਫਿਰੌਤੀ ਦੇ ਫੋਨਾਂ ਤੋਂ ਬਾਅਦ ਉਸ ਦੇ ਬੈਂਕੁਇਟ ਹਾਲ ‘ਤੇ ਗੋਲੀਆਂ ਚਲਾਈਆਂ ਗਈਆਂ ਸੀ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਇਸ ਕਤਲ ਮਗਰੋਂ ਪੰਜਾਬੀ ਕਾਰੋਬਾਰੀ ਦਹਿਸ਼ਤ ਵਿਚ ਹਨ ਤੇ ਉਹ ਖ਼ੁਦ ਨੂੰ ਅਸੁਰੱਖਿਆਤ ਮਹਿਸੂਸ ਕਰਨ ਲੱਗੇ ਹਨ।