*5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਦੇ ‘ਬਾਪੂਆਂ’ ਨੇ ਦਿਖਾਏ ਸਰੀਰਕ ਜੋਹਰ
ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ‘ਚ ਸਥਿਤ ਨਿਊਟਨ ਐਥੈਲੈਟਿਕ ਪਾਰਕ ‘ਚ ਤਿੰਨ ਰੋਜ਼ਾ ਟੂਰਨਾਮੈਂਟ ਦਾ ਆਯੋਜਿਤ ਕਰਵਾਇਆ ਗਿਆ। ਤਾਰਾ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰੀ ‘ਚ ਸਭ ਤੋਂ ਪਹਿਲਾਂ ਹੋਂਦ ਵਿੱਚ ਆਏ ‘ਅਕਾਲ ਯੂਨਾਈਟਿਡ ਫੁੱਟਬਾਲ ਕਲੱਬ’ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ‘ਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਨੇ ਆਪੋ ਆਪਣੇ ਸਰੀਰਕ ਜੋਹਰ ਵਿਖਾਏ।
ਤਿੰਨ ਰੋਜ਼ਾ ਇਸ ਟੂਰਨਾਮੈਂਟ ‘ਚ ਫੁੱਟਬਾਲ ਦੀਆਂ ਕੁੱਲ 250 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਖੇਡ ਪਾਰਕ ‘ਚ ਆਏ ਹੋਰਨਾਂ ਲੋਕਾਂ ਦੀ ਸਹੂਲਤ ਲਈ ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲਗਰਾਂ ਦੇ ਪ੍ਰਬੰਧ ਕੀਤੇ ਗਏ ਸਨ।ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਹੁੰਦਲ ਅਨੁਸਾਰ ਉਕਤ ਕਲੱਬ ਵੱਲੋਂ 1990 ਤੋਂ ਸਾਂਝੇ ਉਦਮ ਸਦਕਾ ਟੂਰਨਾਮੈਂਟ ਕਰਵਾਉਣ ਦੀ ਵਿੱਡੀ ਗਈ ਰਵਾਇਤ ਅਜੇ ਤੀਕ ਜਾਰੀ ਹੈ।