ਸਰੀ, 4 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਸਰੀ ਸ਼ਹਿਰ ਵਿਚ ਇੱਕ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ 3 ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ‘ਤੇ ਹਥਿਆਰਾਂ ਨਾਲ ਜੁੜੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ 5 ਫਰਵਰੀ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਜੋਤ ਸਿੰਘ (21), ਤਰਨਵੀਰ ਸਿੰਘ (19) ਅਤੇ ਦਯਾਜੀਤ ਸਿੰਘ ਬਿਲਿੰਗ (21) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਜੁੜੀ ਕੋਈ ਜਾਣਕਾਰੀ, ਸੀ.ਸੀ.ਟੀ.ਵੀ. ਜਾਂ ਡੈਸ਼ਕੈਮ ਫੁਟੇਜ ਹੈ, ਤਾਂ ਉਹ ਜਾਂਚ ਵਿਚ ਮਦਦ ਲਈ ਅੱਗੇ ਆਉਣ।
ਇਹ ਘਟਨਾ 1 ਫਰਵਰੀ ਨੂੰ ਸਵੇਰੇ ਲਗਪਗ 3:50 ਵਜੇ ਸਰੀ ਦੇ ਕ੍ਰਿਸੈਂਟ ਰੋਡ ਅਤੇ 132 ਸਟ੍ਰੀਟ ਦੇ ਕੋਲ ਵਾਪਰੀ। ਪੁਲਿਸ ਨੂੰ ਇੱਕ ਘਰ ਦੇ ਬਾਹਰ ਗੋਲੀ ਚੱਲਣ ਅਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ। ਤਿੰਨਾਂ ਮੁਲਜ਼ਮਾਂ ਨੂੰ 28 ਐਵੇਨਿਊ ਅਤੇ 140 ਸਟ੍ਰੀਟ ਦੇ ਕੋਲ ਇੱਕ ‘ਰਾਈਡਸ਼ੇਅਰ’ (ਟੈਕਸੀ) ਗੱਡੀ ਵਿਚ ਸਵਾਰ ਹੁੰਦੇ ਸਮੇਂ ਦਬੋਚ ਲਿਆ ਗਿਆ।
ਇਨ੍ਹਾਂ ਵਿਚੋ ਦਿਆਜੀਤ ਸਿੰਘ ਉਰਫ ਗੈਰੀ ਵਿਜ਼ਟਰ ਵੀਜੇ ‘ਤੇ ਤਿੰਨ ਸਾਲ ਪਹਿਲਾਂ ਕੈਨੇਡਾ ਪਹੁੰਚਿਆ ਸੀ। ਦਯਾਜੀਤ ਸਿੰਘ ਉਰਫ ਗੈਰੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਪਾਉਂਟਾ ਸਾਹਿਬ ਦਾ ਵਿਦਿਆਰਥੀ ਰਿਹਾ ਹੈ। ਉਸ ਦੀ ਭੈਣ ਵੀ ਇੱਥੇ ਪੜ੍ਹਦੀ ਹੈ ਤੇ ਮਾਂ-ਬਾਪ ਕੋਲ ਵੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈ।
ਸਰੀ ‘ਚ ਗੋਲੀਬਾਰੀ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨ ਗ੍ਰਿਫਤਾਰ

