ਲੁਧਿਆਣਾ, 11 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਮਹਾਨ ਸ਼ਹੀਦ ਅਮਰ ਬਾਬਾ ਸਿੱਧ ਜੀ ਗੁਰਦੁਆਰਾ ਸਾਹਿਬ ਪਿੰਡ ਸਲੋਦੀ ਸਿੰਘਾਂ ਦੀ (ਲੁਧਿਆਣਾ) ਵਿਖੇ ਖੋਲੀ ਗਈ ਹੈ | ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤਾ ਗਿਆ
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ ਉੱਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਮੈਡੀਕਲ ਸਕੀਮਾਂ ਚੱਲ ਰਹੀਆਂ ਹਨ | ਹੁਣ ਤੱਕ ਟਰੱਸਟ ਵੱਲੋਂ 100 ਦੇ ਲਗਭਗ ਸੰਨੀ ਓਬਰਾਏ ਕਲੀਨਿਕਲ ਲੈਬੋਰੇਟਰੀਆਂ ਖੋਲ੍ਹੀਆਂ ਗਈਆਂ ਹਨ ਤਾਂ ਕਿ ਜਰੂਰਤਮੰਦ ਲੋਕ ਇਨ੍ਹਾਂ ਤੋਂ ਫਾਇਦਾ ਲੈ ਸਕਣ । ਟਰੱਸਟ ਵੱਲੋਂ ਹੁਣ 150 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸਨੂੰ ਅਸੀਂ ਪੂਰਾ ਕਰ ਲਵਾਂਗੇ । ਡਾ. ਓਬਰਾਏ ਨੇ ਦੱਸਿਆ ਕਿ ਕਲੀਨਿਕਲ ਲੈਬੋਰੇਟਰੀਆਂ ਦੇ ਨਾਲ ਜਿੱਥੇ ਸਾਨੂੰ ਵਾਧੂ ਜਗ੍ਹਾ ਮਿਲ ਰਹੀ ਹੈ, ਉੱਥੇ ਟਰੱਸਟ ਵੱਲੋਂ ਡਿਜ਼ੀਟਲ ਐਕਸਰੇ, ਅਲਟਰਾ ਸਾਊਂਡ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਸੈਂਟਰ ਆਦਿ ਵੀ ਖੋਲ੍ਹੇ ਜਾ ਰਹੇ ਹਨ, ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ।
ਇਸ ਮੌਕੇ ਬੋਲਦਿਆਂ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਓਬਰਾਏ ਲੰਬੇ ਸਮੇਂ ਤੋਂ ਲੋਕਾਈ ਦੀ ਸੇਵਾ ਕਰ ਰਹੇ ਹਨ, ਉਸੇ ਅਧੀਨ ਹੀ ਅੱਜ ਲੋਕਾਂ ਨੂੰ ਬਹੁਤ ਹੀ ਘੱਟ ਦਰਾਂ ‘ਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਸੰਨੀ ਓਬਰਾਏ ਕਲੀਨਿਕਲ ਲੈਬ ਨੂੰ ਖੋਲ੍ਹਿਆ ਗਿਆ ਹੈ, ਤਾਂ ਕਿ ਲੋਕੀ ਇੱਥੋਂ ਟੈਸਟ ਕਰਵਾ ਕੇ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ । ਲੋਕਾਂ ਨੂੰ ਇਸ ਲੈਬੋਰੇਟਰੀ ਤੋਂ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ, ਸ. ਸੁਰਿੰਦਰ ਸਿੰਘ ਪ੍ਰਧਾਨ ਪਟਿਆਲਾ, ਇਕਾਈ ਸ. ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ ਇਕਾਈ ਅਤੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸ. ਭੁਪਿੰਦਰ ਸਿੰਘ, ਸ. ਬਲਤੇਜ ਸਿੰਘ, ਸ. ਮਹਾ ਸਿੰਘ, ਸ. ਚਰਨਜੀਤ ਸਿੰਘ, ਸ. ਮੇਜਰ ਸਿੰਘ, ਸ. ਜਸਵਿੰਦਰ ਸਿੰਘ ਪ੍ਰਬੰਧਕ ਕਮੇਟੀ ਮਹਾਨ ਸ਼ਹੀਦ ਅਮਰ ਬਾਬਾ ਸਿੰਘ ਜੀ ਗੁਰਦੁਆਰਾ ਸਾਹਿਬ ਪਿੰਡ ਸਲੌਦੀ ਸਿੰਘਾਂ ਦੀ (ਲੁਧਿਆਣਾ) ਵਿੱਖੇ ਮੌਜੂਦ ਸਨ