ਮੁਹਾਲੀ, 24 ਨਵੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਗੁਰਦੁਆਰਾ ਰੋੜੀ ਸਾਹਿਬ, ਨੇੜੇ ਬਾਂਸਾਂ ਵਾਲੀ ਚੁੰਗੀ, ਟਾਊਨ ਰੋਡ ਖਰੜ੍ਹ ਜ਼ਿਲ੍ਹਾ ਮੁਹਾਲੀ ਵਿਖੇ ਖੋਲਿਆ ਗਿਆ ਹੈ ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ ਉੱਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਮੈਡੀਕਲ ਸਕੀਮਾਂ ਚੱਲ ਰਹੀਆਂ ਹਨ, ਉਸੇ ਅਧੀਨ ਹੀ ਅੱਜ ਗੁਰਦੁਆਰਾ ਸਾਹਿਬ ਵਿਖੇ ਆਧੁਨਿਕ ਮਸ਼ੀਨਾਂ ਲਗਾ ਕੇ ਸੰਨੀ ਓਬਰਾਏ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ ਹੈ। ਹੁਣ ਤੱਕ ਟਰੱਸਟ ਵੱਲੋਂ 90 ਦੇ ਲਗਭਗ ਸੰਨੀ ਓਬਰਾਏ ਕਲੀਨਿਕਲ ਲੈਬੋਰੇਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਤਾਂ ਕਿ ਜਰੂਰਤਮੰਦ ਲੋਕ ਇਨ੍ਹਾਂ ਤੋਂ ਫਾਇਦਾ ਲੈ ਸਕਣ। ਆਉਣ ਵਾਲੇ ਦਸੰਬਰ ਮਹੀਨੇ ਤੱਕ ਟਰੱਸਟ ਵੱਲੋਂ 100 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ ਜਿਸਨੂੰ ਅਸੀਂ ਪੂਰਾ ਕਰ ਲਵਾਂਗੇ। ਡਾ. ਓਬਰਾਏ ਨੇ ਦੱਸਿਆ ਕਿ ਕਲੀਨਿਕਲ ਲੈਬੋਰੇਟਰੀਆਂ ਦੇ ਨਾਲ–ਨਾਲ ਜਿੱਥੇ ਸਾਨੂੰ ਵਾਧੂ ਜਗ੍ਹਾ ਮਿਲ ਰਹੀ ਹੈ ਉੱਥੇ ਟਰੱਸਟ ਵੱਲੋਂ ਡਿਜ਼ੀਟਲ ਐਕਸਰੇ, ਅਲਟਰਾ ਸਾਊਂਡ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਸੈਂਟਰ ਆਦਿ ਵੀ ਖੋਲ੍ਹੇ ਜਾ ਰਹੇ ਹਨ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਮੌਕੇ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ, ਕਮਲਜੀਤ ਸਿੰਘ ਰੂਬੀ ਪ੍ਰਧਾਨ ਮੁਹਾਲੀ, ਜੀਤ ਸਿੰਘ, ਚਰਨ ਸਿੰਘ, ਡਾ. ਬਲਵੀਰ ਸਿੰਘ ਢੀਂਗਰਾ, ਹਰਨੇਕ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।