ਸ੍ਰੀ ਮੁਕਤਸਰ ਸਾਹਿਬ, 11 ਫਰਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਹੁਣ ਇੱਕ ਬਹੁਤ ਵੱਡਾ ਉਪਰਾਲਾ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ 450ਵੀਂ ਗੁਰਗੱਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵਿਦੇਸ਼ ਵਿਚੋਂ ਆਉਂਦੀਆਂ ਮ੍ਰਿਤਕ ਦੇਹਾਂ ਅਤੇ ਬੀਮਾਰ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸਵ ਵੈਨ/ਐਂਬੂਲੈਂਸ ਰਾਹੀਂ ਮੁਫ਼ਤ ਭੇਜਿਆ ਜਾਵੇਗਾ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਡਾਕਟਰ ਓਬਰਾਏ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਵਿਦੇਸ਼ਾਂ ਵਿਚੋਂ ਆਪਣੇ ਖਰਚੇ ‘ਤੇ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮੁਫ਼ਤ ਭੇਜਿਆ ਜਾ ਚੁੱਕਾ ਹੈ ਅਤੇ ਹੁਣ ਇਹ ਸੇਵਾ ਮੁਫਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਅੰਮ੍ਰਿਤਸਰ ਸਾਹਿਬ ਰਾਹੀਂ ਕੀਤੀ ਜਾਵੇਗੀ ਅਤੇ ਡਾਕਟਰ ਓਬਰਾਏ ਵਲੋਂ ਅੰਮ੍ਰਿਤਸਰ ਇਕਾਈ ਨੂੰ ਐਂਬੂਲੈਂਸ ਦੇ ਦਿੱਤੀ ਗਈ ਹੈ। ਡਾਕਟਰ ਓਬਰਾਏ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਰਬ ਦੇਸ਼ਾਂ ਅਤੇ ਹੋਰ ਥਾਵਾਂ ਤੋਂ ਆਉਂਦੀ ਮ੍ਰਿਤਕ ਦੇਹਾਂ ਨੂੰ ਘਰੋਂ-ਘਰੀਂ ਪਹੁੰਚਾਉਂਦੇ ਹੋਏ ਮਹਿਸੂਸ ਕੀਤਾ ਕਿ ਵੱਡੀ ਗਿਣਤੀ ਵਿਚ ਲੋਕਾਂ ਕੋਲ ਵਿਦੇਸ਼ ਵਿਚੋਂ ਆਉਂਦੀਆਂ ਮ੍ਰਿਤਕ ਦੇਹਾਂ ਅਤੇ ਬੀਮਾਰ ਵਿਅਕਤੀਆਂ ਨੂੰ ਘਰੇ ਲੈ ਕੇ ਜਾਣ ਲਈ ਆਰਥਿਕ ਮਜਬੂਰੀਆਂ ਕਾਰਨ ਸਾਧਣ ਨਹੀਂ ਹੁੰਦੇ। ਇਨ੍ਹਾਂ ਮਜਬੂਰੀਆਂ ਦੇ ਮੱਦੇਨਜ਼ਰ ਮੈਂ ਫੈਸਲਾ ਕੀਤਾ ਕਿ ਇਹ ਸੇਵਾਵਾਂ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਇਹ ਸੇਵਾ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਵੀ ਜਾਰੀ ਰਹੇਗੀ। ਡਾਕਟਰ ਐੱਸ.ਪੀ. ਸਿੰਘ ਓਬਰਾਏ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਵੀ ਕੀਤੀ ਕਿ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਉੱਚ ਸਿੱਖਿਆ, ਵਧੀਆ ਕੰਮ ਪ੍ਰਤੀ ਤਜ਼ਰਬਾ ਅਤੇ ਸਹੀ ਦਸਤਾਵੇਜ਼ਾਂ ਉਪਰੰਤ ਹੀ ਵਿਦੇਸ਼ ਜਾਣਾ ਚਾਹੀਦਾ ਹੈ। ਇਸ ਮੌਕੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿਦੇਸ਼ ਵਿਚੋਂ ਆਉਂਦੀਆਂ ਮ੍ਰਿਤਕ ਦੇਹਾਂ ਅਤੇ ਬੀਮਾਰ ਲੋਕਾਂ ਨੂੰ ਹਵਾਈ ਅੱਡੇ ਤੋਂ ਮੁਫਤ ਘਰ ਭੇਜੇਗਾ : ਡਾ. ਓਬਰਾਏ
