#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 5 ਸਰਕਾਰੀ ਸਕੂਲਾਂ ‘ਚ ਲਗਾਏ ਮੁਫ਼ਤ ਆਰ.ਓ. ਸਿਸਟਮ

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 5 ਸਰਕਾਰੀ ਸਕੂਲਾਂ (ਸਰਕਾਰੀ ਹਾਈ ਸਕੂਲ ਨੰਦਗੜ੍ਹ, ਸਰਕਾਰੀ ਹਾਈ ਸਕੂਲ ਚਿੱਬੜਾਂ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਭੰਗਚੜੀ, ਸਰਕਾਰੀ ਪ੍ਰਾਇਮਰੀ ਸਕੂਲ ਮੱਲ ਕਟੋਰਾ, ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਪਿੰਡ ਮਲੋਟ) ਵਿਚ ਮੁਫ਼ਤ ਆਰ.ਓ. ਸਿਸਟਮ ਲਗਾਏ ਗਏ ਹਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਖੇਤਰ ਦਾ ਪਾਣੀ ਪੀਣ ਯੋਗ ਨਹੀਂ ਹੈ, ਸਰਕਾਰੀ ਸਕੂਲਾਂ ਦੇ ਬੱਚੇ ਧਰਤੀ ਹੇਠਲਾ ਨਾ ਪੀਣ ਯੋਗ ਪਾਣੀ ਪੀਣ ਲਈ ਮਜਬੂਰ ਸਨ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਸਨ। ਸਰਕਾਰੀ ਸਕੂਲਾਂ ਦੇ ਮੁਖੀਆਂ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਆਰ.ਓ. ਸਿਸਟਮ ਲਗਾਏ ਜਾਣ ਦੀ ਬੇਨਤੀ ਕੀਤੀ ਗਈ ਸੀ, ਤਾਂ ਡਾਕਟਰ ਓਬਰਾਏ ਵਲੋਂ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਪਿਛਲੇ ਦਿਨੀਂ ਸਕੂਲਾਂ ਲਈ ਆਰ.ਓ. ਸਿਸਟਮ ਭੇਜੇ ਗਏ ਸਨ, ਤਾਂ ਕੱਲ੍ਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਇਕੱਲੇ-ਇਕੱਲੇ ਸਕੂਲ ਵਿਚ ਜਾ ਕੇ ਆਰ.ਓ. ਸਿਸਟਮ ਚਲਾ ਕੇ ਬੱਚਿਆਂ ਨੂੰ ਸਮਰਪਿਤ ਕੀਤੇ ਗਏ ਹਨ। ਇਸ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਾਡੇ ਬੱਚੇ ਧਰਤੀ ਹੇਠਲਾ ਜ਼ਹਿਰੀਲਾ ਪਾਣੀ ਪੀਣ ਉਪਰੰਤ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ, ਅਸੀਂ ਡਾਕਟਰ ਓਬਰਾਏ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵੀ ਡਾਕਟਰ ਓਬਰਾਏ ਦਾ ਧੰਨਵਾਦ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲਾਂ ਵਿਚ 110 ਦੇ ਕਰੀਬ ਆਰ ਉ ਸਿਸਟਮ ਲਗਾਏ ਜਾ ਚੁੱਕੇ ਹਨ। ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਸੁਖਬੀਰ ਸਿੰਘ ਜੈਲਦਾਰ, ਅਨਿਲ ਜੁਨੇਜਾ, ਸਤਪਾਲ ਗੂੰਬਰ ਆਦਿ ਹਾਜ਼ਰ ਸਨ।