#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 24 ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ 24 ਅੰਗਹੀਣ ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਲੋਕ ਕੋਈ ਵੀ ਕੰਮ ਕਰਨ ਤੋਂ ਅਸਮਰਥ ਹਨ ਅਤੇ ਅੰਗਹੀਣ ਹਨ, ਅਜਿਹਿਆਂ ਪ੍ਰਸਥਿਤੀਆਂ ‘ਚ ਅਕਸਰ ਇਹ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਘਰ-ਪਰਿਵਾਰ ਦਾ ਗੁਜ਼ਾਰਾ ਔਖਾ ਹੋ ਜਾਂਦਾ ਹੈ। ਇਨ੍ਹਾਂ ਵੱਲੋਂ ਆਪਣੀ ਮਦਦ ਲਈ ਡਾਕਟਰ ਓਬਰਾਏ ਨੂੰ ਪੁਕਾਰ ਕੀਤੀ ਜਾਂਦੀ ਹੈ, ਤਾਂ ਇਨ੍ਹਾਂ ਦੀ ਸਥਿਤੀ ਸਮਝਣ ‘ਤੇ ਤੁਰੰਤ ਹੀ ਡਾਕਟਰ ਓਬਰਾਏ ਵਲੋਂ ਮਦਦ ਭੇਜੀ ਜਾਂਦੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅੰਗਹੀਣ ਵਿਅਕਤੀਆਂ ਨੇ ਦੱਸਿਆ ਕਿ ਡਾ. ਓਬਰਾਏ ਹਮੇਸ਼ਾ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹਦੇ ਹਨ, ਅਸੀਂ ਡਾਕਟਰ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਦੇਣ। ਇਸ ਮੌਕੇ ਜਸਪਾਲ ਸਿੰਘ ਰਿਟਾਇਰਡ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ ਮੀਤ ਪ੍ਰਧਾਨ, ਗੁਰਪਾਲ ਸਿੰਘ ਕੈਸ਼ੀਅਰ, ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਸੋਮਨਾਥ, ਮਾਸਟਰ ਰਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਜਸਵਿੰਦਰ ਸਿੰਘ ਮਣਕੂ, ਬਰਨੇਕ ਸਿੰਘ ਰਿਟਾਇਰਡ ਲੈਕਚਰਾਰ, ਗੁਰਜੀਤ ਸਿੰਘ ਜੀਤਾ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ. ਆਦਿ ਹਾਜ਼ਰ ਸਨ।