#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਜਸਥਾਨ ਵਿਚ ਜਲਦ ਹੀ 5 ਲੈਬੋਰੇਟਰੀਆਂ ਹੋਰ ਖੋਲ੍ਹੀਆਂ ਜਾਣਗੀਆਂ : ਡਾ. ਓਬਰਾਏ

ਪਟਿਆਲਾ, 24 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੈਬੋਰੇਟਰੀਆਂ ਖੋਲ੍ਹਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਭ ਤੋਂ ਪਹਿਲਾਂ ਪੰਜਾਬ, ਹਰਿਆਣਾ, ਚੰਡੀਗੜ੍ਹ, ਯੂ.ਪੀ. ਅਤੇ ਹਿਮਾਚਲ ਵਿਚ ਲੈਬੋਰੇਟਰੀਆਂ ਖੋਲ੍ਹੀਆਂ ਗਈਆਂ। ਇਹ ਲੈਬੋਰੇਟਰੀਆਂ 11 ਸਟੇਟਾਂ ਵਿਚ ਖੋਲ੍ਹੀਆਂ ਗਈਆਂ। ਹੁਣ ਸਾਡੇ ਨਾਲ ਲੱਗਦੇ ਸੂਬੇ ਰਾਜਸਥਾਨ ਦਾ ਦੌਰਾ ਟਰੱਸਟ ਵਲੋਂ ਕੀਤਾ ਗਿਆ ਅਤੇ ਇੱਥੇ ਵੀ ਲੈਬੋਰੇਟਰੀਆਂ ਖੋਲ੍ਹਣ ਦੀ ਲੋੜ ਮਹਿਸੂਸ ਕੀਤੀ ਗਈ। ਹੁਣ ਰਾਜਸਥਾਨ ਵਿਚ ਸਾਡੀਆਂ 5 ਲੈਬੋਰੇਟਰੀਆਂ ਚੱਲ ਰਹੀਆਂ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਖਾਜੂਵਾਲਾ ਤੇ ਰਾਵਲਾਮੰਡੀ ਵਿਚ 2 ਲੈਬੋਰੇਟਰੀਆਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਟਰੱਸਟ ਵਲੋਂ ਹੋਰ ਵੀ ਕਈ ਲੋਕਲ ਏਰੀਏ ਲੈਬੋਰੇਟਰੀਆਂ ਖੋਲ੍ਹਣ ਲਈ ਸਿਲੈਕਟ ਕੀਤੇ ਗਏ ਹਨ। ਆਉਣ ਵਾਲੇ 2 ਮਹੀਨੇ ਵਿਚ ਟਰੱਸਟ ਵਲੋਂ ਹੋਰ 5 ਲੈਬੋਰੇਟਰੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਇੱਥੇ ਜਿਹੜੀਆਂ 5 ਲੈਬੋਰੇਟਰੀਆਂ ਚੱਲ ਰਹੀਆਂ ਹਨ, ਉੱਥੇ ਰੋਜ਼ਾਨਾ 125 ਤੋਂ 150 ਲੋਕ ਆਪਣਾ ਟੈਸਟ ਕਰਵਾ ਕੇ ਫਾਇਦਾ ਉਠਾਉਂਦੇ ਹਨ। ਟਰੱਸਟ ਦੀਆਂ ਲੈਬੋਰੇਟਰੀਆਂ ਵਿਚ ਸਿਰਫ਼ 10 ਫੀਸਦੀ ਮਾਰਜਨ ਉੱਤੇ ਕੰਮ ਕਰਦੇ ਹਾਂ। ਇਸਦੇ ਨਾਲ ਹੀ ਇਨ੍ਹਾਂ ਲੈਬੋਰੇਟਰੀਆਂ ਦੀਆਂ ਕੁਝ ਹੋਰ ਵੀ ਡਿਮਾਂਡਸ ਹਨ, ਜੋ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਖਾਜੂਵਾਲਾ ਵਿਚ ਅਲਟਰਾਸਾਊਂਡ ਮਸ਼ੀਨ ਲਗਾਉਣ ਦੀ ਮੰਗ ਕੀਤੀ ਗਈ ਹੈ, ਤਾਂ ਕਿ ਇੱਥੇ ਨੇੜੇ ਦੇ 50-60 ਪਿੰਡ ਕਵਰ ਕੀਤੇ ਜਾ ਸਕਣ।  ਟਰੱਸਟ ਵੱਲੋਂ ਇਹ ਅਲਟਰਾਸਾਊਂਡ ਮਸ਼ੀਨ ਦੇਣ ਦੀ ਮੰਗ ਪਾਸ ਕਰ ਦਿੱਤੀ ਗਈ ਹੈ। ਪਰ ਇਸ ਨਾਲ ਕੁਝ ਮੁਸ਼ਕਿਲਾਂ ਵੀ ਆ ਰਹੀਆਂ ਹਨ ਕਿ ਇਹ ਮਸ਼ੀਨ ਸਿਰਫ ਡਾਕਟਰ ਹੀ ਓਪਰੇਟ ਕਰਦੇ ਹਨ ਅਤੇ ਉਨ੍ਹਾਂ ਦੇ ਨਾਮ ‘ਤੇ ਹੀ ਅਲਾਟ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਹੀ ਕਿਸੇ ਡਾਕਟਰ ਦਾ ਇੱਥੇ ਪ੍ਰਬੰਧ ਹੋ ਜਾਵੇਗਾ, ਤਾਂ ਅਸੀਂ ਜਲਦ ਹੀ ਇੱਥੇ ਇਹ ਮਸ਼ੀਨ ਭੇਜ ਦੇਵਾਂਗੇ।
ਟਰੱਸਟ ਵਲੋਂ ਬੁੱਢਾ ਜੋਹੜ ਵਿਚ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹਸਪਤਾਲ ਵਿਚ ਪਹਿਲਾਂ ਟਰੱਸਟ ਵਲੋਂ 4 ਯੂਨਿਟ ਡਾਇਲਸਿਸ ਦਿੱਤੇ ਗਏ ਸਨ, ਇੱਥੇ ਹੁਣ ਹੋਰ ਡਾਇਲਸਿਜ਼ ਮਸ਼ੀਨਾਂ ਦੀ ਘਾਟ ਹੋਣ ਕਰਕੇ ਮਰੀਜ਼ਾਂ ਨੂੰ 100-150 ਕਿਲੋਮੀਟਰ ਦੂਰ ਜਾ ਕੇ ਆਪਣੇ ਡਾਇਲਸਿਜ਼ ਕਰਵਾਉਣੇ ਪੈਂਦੇ ਸਨ। ਇਸ ਘਾਟ ਨੂੰ ਦੇਖਦਿਆਂ ਹੋਇਆਂ ਟਰੱਸਟ ਵਲੋਂ 2 ਯੂਨਿਟ ਹੋਰ ਦਿੱਤੇ ਗਏ ਹਨ ਅਤੇ ਲੋੜ ਪੈਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਹਸਪਤਾਲ ਦੀ ਹੋਰ ਵੀ ਮਦਦ ਕਰੇਗਾ।
ਇਸ ਮੌਕੇ ਡਾ. ਦਲਜੀਤ ਸਿੰਘ ਗਿੱਲ, ਸੁਰਿੰਦਰ ਸਿੰਘ, ਸ਼ਮਨਦੀਪ ਸਿੰਘ (ਪ੍ਰਧਾਨ ਰਾਜਸਥਾਨ), ਰੋਮਿੰਦਰ ਸਿੰਘ, ਜਤਿੰਦਰਪਾਲ ਸਿੰਘ, ਸ਼੍ਰੀ ਸੁਭਾਸ਼ ਢੀਂਗਰਾ ਆਦਿ ਮੌਜੂਦ ਸਨ।