ਸ੍ਰੀ ਮੁਕਤਸਰ ਸਾਹਿਬ, 31 ਮਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 32 ਅੰਗਹੀਣ ਵਿਅਕਤੀਆਂ ਨੂੰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਹੀਨਾਵਾਰ ਸਹਾਇਤਾ ਰਾਸ਼ੀ ਸਹਾਇਤਾ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਅੰਗਹੀਣ ਵਿਅਕਤੀ ਕੰਮ ਕਰਨ ਤੋਂ ਅਸਮਰਥ ਹਨ ਅਤੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਅਕਸਰ ਅਜਿਹੇ ਲੋਕ ਸਮਾਜ ਵੱਲੋਂ ਵੀ ਨਿਕਾਰੇ ਜਾਂਦੇ ਹਨ ਪਰੰਤੂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈਆਂ ਦੇ ਸੇਵਾਦਾਰਾਂ ਕੋਲ ਅਜਿਹੇ ਕੇਸ ਆਉਣ ਉਪਰੰਤ ਤੁਰੰਤ ਹੀ ਡਾਕਟਰ ਓਬਰਾਏ ਕੋਲ ਭੇਜੇ ਜਾਂਦੇ ਹਨ, ਤਾਂ ਡਾਕਟਰ ਓਬਰਾਏ ਵੀ ਅੰਗਹੀਣ ਵਿਅਕਤੀਆਂ ਦੇ ਕੇਸਾਂ ਵਿਚ ਨਿੱਜੀ ਦਿਲਚਸਪੀ ਲੈ ਕੇ ਤੁਰੰਤ ਰਾਸ਼ੀ ਜਾਰੀ ਕਰਦੇ ਹਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅੰਗਹੀਣ ਵਿਅਕਤੀਆਂ ਨੇ ਦੱਸਿਆ ਕਿ ਲੋਕਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਹੈ, ਉਲਟਾ ਸਾਨੂੰ ਊਲ-ਜਲੂਲ ਬੋਲ ਕੇ ਤਾਹਨੇ-ਮਿਹਣੇ ਮਾਰਦੇ ਹਨ, ਪਰ ਅਸੀਂ ਡਾਕਟਰ ਓਬਰਾਏ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾ ਲਾਠੀ ਬਣਕੇ ਸਾਡੇ ਨਾਲ ਖੜ੍ਹੇ ਹਨ, ਸਾਨੂੰ ਸਮੇਂ-ਸਮੇਂ ‘ਤੇ ਸਹਾਇਤਾ ਰਾਸ਼ੀ ਭੇਜਦੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਜਸਪਾਲ ਸਿੰਘ ਰਿਟਾਇਰਡ ਲੈਕਚਰਾਰ, ਗੁਰਪਾਲ ਸਿੰਘ, ਜਤਿੰਦਰ ਸਿੰਘ ਕੈਂਥ, ਸੋਮਨਾਥ, ਸੁਖਬੀਰ ਸਿੰਘ ਜੈਲਦਾਰ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਬਰਨੇਕ ਸਿੰਘ ਰਿਟਾਇਰਡ ਲੈਕਚਰਾਰ, ਗੁਰਜੀਤ ਸਿੰਘ ਜੀਤਾ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।