-ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਯਤਨ
ਅਨੰਦਪੁਰ ਸਾਹਿਬ, 6 ਮਾਰਚ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅਨੰਦਪੁਰ ਸਾਹਿਬ ਵਿਖੇ ‘ਸੰਮਲਿਤਾ ਦਾ ਵਿਚਾਰ : ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ, ਰਮਣੀਕ, ਅਲੌਕਿਕ ਧਰਤਿ’ ਵਿਸ਼ੇ ‘ਤੇ ਦੋ ਦਿਨਾਂ ਕੌਮੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦੇ ਉਦੇਸ਼ਾਂ ਵਿਚ ‘ਅਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਯਤਨ ਕਰਨਾ, ਆਧੁਨਿਕ ਪਰਿਪੇਖ ਵਿਚ ਚੇਤਨਾ ਦੀ ਅਧਿਆਤਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਭਰਪੂਰ ਰੂਪ-ਰੇਖਾ ਪ੍ਰਦਾਨ ਕਰਨਾ, ਸਰਬ ਸਾਂਝੀਵਾਲਤਾ ਅਤੇ ਆਧੁਨਿਕ ਪਰਿਵੇਸ਼ ਦਾ ਨਿਵੇਕਲਾ ਪੈਰਾਡਾਇਮ ਸਿਰਜਣਾ, ਸਾਹਿਤਕ ਸੰਗ੍ਰਹਿ ਨੂੰ ਸੰਭਾਲਣਾ ਅਤੇ ਪ੍ਰਕਾਸ਼ਿਤ ਕਰਨਾ’ ਆਦਿ ਪ੍ਰਮੁੱਖ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਕਾਨਫਰੰਸ ਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ਕੀਤੀ ਗਈ। ਸ਼੍ਰੀ ਮਾਧਵ ਕੌਸ਼ਿਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਡਾ. ਸਰਬਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਸੋਨਦੀਪ ਮੋਂਗਾ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਈ ਇਸ ਕਾਨਫਰੰਸ ਦੌਰਾਨ ਡਾ. ਅਮਰਜੀਤ ਗਰੇਵਾਲ ਵਲੋਂ ਦਿੱਤੇ ਗਏ ਕੁੰਜੀਵਤ ਭਾਸ਼ਣ ਵਿਚ ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖੀ ਦਾ ਧੁਰਾ ਅਤੇ ਰੂਹਾਨੀ ਅਨੰਦ ਦਾ ਕੇਂਦਰ ਦੱਸਿਆ ਗਿਆ। ਇਸ ਕਾਨਫਰੰਸ ਵਿਚ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਏ ਇਸ ਪਵਿੱਤਰ ਅਸਥਾਨ ਦੇ ਅਧਿਆਤਮਿਕ ਸੰਕਲਪ ਨੂੰ ਵਿਸ਼ਵ ਪੱਧਰ ‘ਤੇ ਵਿਚਾਰਿਆ ਗਿਆ। ਇਹ ਕਾਨਫਰੰਸ ਅਨੰਦਪੁਰ ਸਾਹਿਬ ਦੇ ਇਤਿਹਾਸਕ, ਸਾਹਿਤਕ, ਕ੍ਰਾਂਤੀਕਾਰੀ ਅਤੇ ਅਧਿਆਤਮਿਕਤਾ ਦੇ ਵੱਖ-ਵੱਖ ਪਹਿਲੂਆਂ ਉੱਤੇ ਆਧਾਰਿਤ ਸੀ। ਕਾਨਫਰੰਸ ਰਾਹੀਂ ਸਮੁੱਚੀ ਲੋਕਾਈ ਲਈ ਗੁਰੂ ਸਾਹਿਬਾਨ ਦਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਮੁੱਖ ਤੌਰ ‘ਤੇ ਪ੍ਰਚਾਰਿਆ ਗਿਆ।
ਕਾਨਫਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਡਾ. ਈਸ਼ਵਰ ਦਿਆਲ ਗੌੜ ਵਲੋਂ ਪ੍ਰਧਾਨਗੀ ਕੀਤੀ ਗਈ। ਡਾ. ਮਨਮੋਹਨ ਸਿੰਘ, ਡਾ. ਮਨਜਿੰਦਰ ਸਿੰਘ ਅਤੇ ਡਾ. ਯੋਗਰਾਜ ਅੰਗਰੀਸ਼ ਵਲੋਂ ਪਰਚੇ ਪੜ੍ਹੇ ਗਏ। ਕਾਨਫਰੰਸ ਦੇ ਦੂਜੇ ਅਕਾਦਮਿਕ ਸੈਸ਼ਨ ਵਿਚ ਡਾ. ਰਵੇਲ ਸਿੰਘ ਵਲੋਂ ਪ੍ਰਧਾਨਗੀ ਕੀਤੀ ਗਈ। ਡਾ. ਅਵਤਾਰ ਸਿੰਘ, ਡਾ. ਮੋਹਨ ਤਿਆਗੀ ਅਤੇ ਡਾ. ਪ੍ਰਵੀਨ ਕੁਮਾਰ ਵਲੋਂ ਪਰਚੇ ਪੜ੍ਹੇ ਗਏ। ਕਾਨਫਰੰਸ ਦੇ ਤੀਜੇ ਅਕਾਦਮਿਕ ਸੈਸ਼ਨ ਵਿਚ ਡਾ. ਜਤਿੰਦਰ ਗਰੋਵਰ ਵਲੋਂ ਪ੍ਰਧਾਨਗੀ ਕੀਤੀ ਗਈ। ਡਾ. ਹਰਜੋਧ ਸਿੰਘ, ਡਾ. ਪਰਮਜੀਤ ਸਿੰਘ ਅਤੇ ਡਾ. ਯਾਦਵਿੰਦਰ ਸਿੰਘ ਵਲੋਂ ਪਰਚੇ ਪੜ੍ਹੇ ਗਏ। ਇਸੇ ਤਰ੍ਹਾਂ ਕਾਨਫਰੰਸ ਦੇ ਚੌਥੇ ਅਕਾਦਮਿਕ ਸੈਸ਼ਨ ਵਿਚ ਡਾ. ਜਸਪਾਲ ਕੌਰ ਕਾਂਗ ਵਲੋਂ ਪ੍ਰਧਾਨਗੀ ਕੀਤੀ ਗਈ। ਅਮਰਜੀਤ ਸਿੰਘ, ਡਾ. ਰਮਨਪ੍ਰੀਤ ਕੌਰ, ਗੁਰਦੇਵ ਸਿੰਘ ਅਤੇ ਡਾ. ਪ੍ਰਿਥਵੀ ਰਾਜ ਥਾਪਰ ਵਲੋਂ ਪਰਚੇ ਪੜ੍ਹੇ ਗਏ, ਜਦਕਿ ਕਾਨਫਰੰਸ ਦੇ ਪੰਜਵੇਂ ਅਕਾਦਮਿਕ ਸੈਸ਼ਨ ਵਿਚ ਡਾ. ਜਸਬੀਰ ਕੌਰ ਵਲੋਂ ਪ੍ਰਧਾਨਗੀ ਕੀਤੀ ਗਈ। ਇਹ ਸੈਸ਼ਨ ਸੰਗੀਤਕ ਸੀ। ਡਾ. ਅਲੰਕਾਰ ਸਿੰਘ ਵਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਰਾਗਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਡਾ. ਰਾਜੇਸ਼ ਸ਼ਰਮਾ ਅਤੇ ਡਾ. ਹਰਜਸ ਕੌਰ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕਾਨਫਰੰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਹਰਭਜਨ ਸਿੰਘ ਸਪਰਾ ਵਲੋਂ ਕੀਤੀ ਗਈ। ਡਾ. ਗੁਰਪ੍ਰੀਤ ਕੌਰ ਵਲੋਂ ਕਾਨਫਰੰਸ ਦੀ ਸਮੁੱਚੀ ਰਿਪੋਰਟ ਪੇਸ਼ ਕੀਤੀ ਗਈ। ਮੰਚ ਸੰਚਾਲਨ ਡਾ. ਭੁਪਿੰਦਰ ਕੌਰ ਵਲੋਂ ਬਾਖੂਬੀ ਕੀਤਾ ਗਿਆ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਕਾਨਫਰੰਸ ਦੀ ਸਫ਼ਲਤਾ ਦਾ ਸਾਰਾ ਸਿਹਰਾ ਡਾ. ਮਨਮੋਹਨ ਸਿੰਘ ਨੂੰ ਦਿੱਤਾ ਗਿਆ। ਡਾ. ਓਬਰਾਏ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਚਾਹੁੰਦੇ ਸਨ ਕਿ ਇੱਕ ਕੌਮੀ ਪੱਧਰ ਦੀ ਕਾਨਫਰੰਸ ਅਨੰਦਪੁਰ ਸਾਹਿਬ ਵਿਚ ਕਰਵਾਈ ਜਾਵੇ। ਇਸ ਕਾਨਫਰੰਸ ਵਿਚ ਆਏ ਹੋਏ ਸਾਰੇ ਬੁੱਧੀਜੀਵੀ ਮਹਿਮਾਨਾਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅਜਿਹੀ ਕਾਨਫਰੰਸ ਹਰ ਸਾਲ ਕਰਵਾਈ ਜਾਵੇਗੀ, ਜਿਸ ਵਿਚ ਵਰਲਡ ਵਿਸ਼ਵ ਪੱਧਰੀ ਬੁੱਧੀਜੀਵੀ ਮਹਿਮਾਨਾਂ ਨੂੰ ਬੁਲਾਇਆ ਜਾਵੇਗਾ ਅਤੇ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਡਾ: ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਪਾਉਂਟਾ ਸਾਹਿਬ ਵਿਚ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ ਅਤੇ ਉੱਥੇ ਵੀ ਆਏ ਹੋਏ ਸਾਰੇ ਮਹਿਮਾਨਾਂ ਨੂੰ ਬਹੁਤ ਮਾਨ-ਸਨਮਾਨ ਦਿੱਤਾ ਜਾਂਦਾ ਹੈ। ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਇਸ ਕਾਨਫਰੰਸ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਕਾਨਫਰੰਸ ਵਿਚ ਸਨੀ ਓਬਰਾਏ ਐਡਵਾਂਸ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਤੰਤੀ ਸਾਜ਼ਾਂ ਨਾਲ ਰਾਗਾਂ ਵਿਚ ਸ਼ਬਦ ਗਾਇਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੀ ਸਮਾਜਿਕ ਅਤੇ ਆਰਥਿਕ ਤਬਦੀਲੀ ਨੂੰ ਸਮਰਪਿਤ ਹੈ, ਜਿਹੜੀ ਪਿਛਲੇ 11 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ।