#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੇਲਾ ਮਾਘੀ ‘ਤੇ ਲਗਾਇਆ ਮੁਫ਼ਤ Books ਦਾ ਖੁੱਲ੍ਹਾ ਲੰਗਰ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਬਹੁਤ ਕੰਮ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਲੋਕਾਂ ਨੂੰ ਗਿਆਨ ਦਾ ਪ੍ਰਕਾਸ਼ ਕਰਵਾਉਣ ਲਈ ਮੁਫ਼ਤ ਕਿਤਾਬਾਂ ਦਾ ਖੁੱਲ੍ਹਾ ਲੰਗਰ 13 ਅਤੇ 14 ਜਨਵਰੀ ਨੂੰ ਲਗਾਇਆ ਗਿਆ। ਇਸ ਅਨੋਖੇ ਲੰਗਰ ਦਾ ਉਦਘਾਟਨ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਸ. ਰੇਸ਼ਮ ਸਿੰਘ ਜੀ ਵਲੋਂ ਕੀਤਾ ਗਿਆ, ਜਿਸ ਵਿਚ ਬਹੁਤ ਹੀ ਤਾਦਾਦ ਵਿਚ ਲੋਕਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਖੁੱਲ੍ਹੇ ਲੰਗਰ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਪਿਛੋਕੜ ਵਾਲੀਆਂ ਕਿਤਾਬਾਂ ਸਨ, ਤਾਂ ਜੋ ਨਵੀਂ ਪੀੜ੍ਹੀ ਨੂੰ ਜਾਣਕਾਰੀ ਭਰਪੂਰ ਸੇਧ ਦਿੱਤੀ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਬਿੰਦਰ ਪਾਲ ਕੌਰ ਅਤੇ ਲੈਕਚਰਾਰ ਜਸਪਾਲ ਸਿੰਘ, ਲੈਕਚਰਾਰ ਬਲਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਡਾ. ਉਬਰਾਏ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ, ਕਿਉਂਕਿ ਕਿਤਾਬਾਂ ਉਹ ਅਨਮੋਲ ਖ਼ਜ਼ਾਨਾ ਹਨ, ਜਿਨ੍ਹਾਂ ਨੂੰ ਪੜ੍ਹਨ ਉਪਰੰਤ ਕਈ ਵਾਰੀ ਇਨਸਾਨਾਂ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਬਦਲਾਅ ਆ ਜਾਂਦਾ ਹੈ। ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਮਾਸਟਰ ਰਾਜਿੰਦਰ ਸਿੰਘ, ਮਾਸਟਰ ਬਰਨੇਕ ਸਿੰਘ, ਮੈਡਮ ਮਨਿੰਦਰ ਕੌਰ, ਮੈਡਮ ਹਰਿਦਰ ਕੌਰ ਨੇ ਕਿਹਾ ਕਿ ਇਹ ਅਨੋਖੀ ਕਿਸਮ ਦੀਆਂ ਕਿਤਾਬਾਂ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਕਿਹਾ ਕਿ ਇਹ ਲੰਗਰ ਮੇਲੇ ਵਿਚ ਖਿੱਚ ਦਾ ਕੇਂਦਰ ਬਣਿਆ ਰਿਹਾ। ਸਾਬਕਾ ਡੀ.ਟੀ.ਓ. ਸ. ਗੁਰਚਰਨ ਸਿੰਘ ਸੰਧੂ ਅਤੇ ਸ. ਭੀਨਾ ਬਰਾੜ ਉਚੇਚੇ ਤੌਰ ‘ਤੇ ਇਥੇ ਪਹੁੰਚੇ। ਇਸ ਮੌਕੇ ਚਰਨਜੀਤ ਸਿੰਘ, ਗੁਰਪਾਲ ਸਿੰਘ, ਸੁਖਬੀਰ ਸਿੰਘ ਜੈਲਦਾਰ, ਮਲਕੀਤ ਸਿੰਘ, ਗੁਰਜੀਤ ਸਿੰਘ ਜੀਤਾ, ਗੁਰਚਰਨ ਸਿੰਘ, ਸੋਮਨਾਥ, ਅਸ਼ੋਕ ਕੁਮਾਰ, ਅੰਮ੍ਰਿਤ ਪਾਲ ਸਿੰਘ, ਕੁਲਵਿੰਦਰ ਸਿੰਘ, ਬਿੰਦਰ ਕੌਰ ਚਹਿਲ, ਕਮਲਜੀਤ ਕੌਰ, ਜਸਵਿੰਦਰ ਸਿੰਘ ਮਣਕੂ ਆਦਿ ਹਾਜ਼ਰ ਸਨ।