ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਟਰੱਸਟ ਵੱਲੋਂ ਵੱਡੀ ਗਿਣਤੀ ‘ਚ ਅੱਖਾਂ ਦੇ ਜਾਂਚ ਕੈਂਪ ਲਗਾ ਕੇ ਅੱਖਾਂ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਐਨਕਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਡੇ ਪੱਧਰ ‘ਤੇ ਲੋੜਵੰਦਾਂ ਦੀਆਂ ਅੱਖਾਂ ਦੇ ਲੈੱਨਜ਼ ਪਵਾਏ ਜਾ ਰਹੇ ਹਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜਿੰਦਰ ਸਿੰਘ ਅਟਵਾਲ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਹੋਰ ਸ਼ਹੀਦਾਂ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਜੈਤਾ ਜੀ, ਭਾਈ ਮਤੀ ਦਾਸ ਜੀ ਆਦਿ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ (ਜਿਨ੍ਹਾਂ ਨੇ ਧਰਮ ਅਤੇ ਨੈਤਿਕਤਾ ਦੀ ਰੱਖਿਆ ਲਈ ਬਲੀਦਾਨ ਦਿੱਤਾ) ਪਿੰਡ ਮਾਨ ਸਿੰਘ ਵਾਲਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਗੁਰਦੁਆਰਾ ਸਾਹਿਬ ਵਿਖੇ 26 ਨਵੰਬਰ ਦਿਨ ਬੁੱਧਵਾਰ ਨੂੰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ, ਜਿਸ ਵਿਚ ਡਾਕਟਰ ਹਰਸ਼ਪ੍ਰੀਤ ਕੌਰ ਆਈ ਸਰਜਨ ਅੱਖਾਂ ਦੀ ਜਾਂਚ ਕਰਨਗੇ ਅਤੇ ਦਵਾਈਆਂ ਅਤੇ ਨੇੜੇ ਦੀ ਨਿਗਾਹ ਦੀਆਂ ਐਨਕਾਂ ਟਰੱਸਟ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਸਿਲੇਕਟ ਕੀਤੇ ਅਪਰੇਸ਼ਨ ਵਾਲੇ ਮਰੀਜ਼ਾਂ ਦੇ ਲੋੜੀਂਦੇ ਟੈਸਟ ਕਰਨ ਉਪਰੰਤ ਅਪਰੇਸ਼ਨ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹ ਟਰੱਸਟ ਵੱਲੋਂ 707ਵਾਂ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰੈੱਸ ਨੋਟ ਜਾਰੀ ਕਰਨ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸਮੂਹ ਸੇਵਾਦਾਰ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਅਤੇ ਹੋਰ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਮਾਨ ਸਿੰਘ ਵਾਲਾ ਵਿਚ 26 ਨਵੰਬਰ ਨੂੰ ਲੱਗੇਗਾ
