#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਾਣੀ ਵਿਚ ਘਿਰੇ ਘਰਾਂ ਵਿਚ ਕਿਸ਼ਤੀਆਂ ਰਾਹੀਂ ਪਹੁੰਚਾਇਆ ਰਾਸ਼ਨ

ਲੰਮੇ ਸਮੇਂ ਤੱਕ ਸਹਿਯੋਗ ਜਾਰੀ ਰੱਖਾਂਗੇ – ਡਾ. ਓਬਰਾਏ                        
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੁੱਕਾ ਰਾਸ਼ਣ ਰਾਸ਼ਨ, ਚਾਰਾ, ਪਸ਼ੂਆਂ ਦੀ ਫੀਡ, ਤਰਪਾਲਾਂ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ ਅਤੇ ਹੋਰ ਜੋ ਹੜ੍ਹ ਪੀੜਤਾਂ ਵੱਲੋਂ ਮੰਗ ਕੀਤੀ ਜਾਂਦੀ ਹੈ, ਵੱਡੀ ਮਾਤਰਾ ਵਿਚ ਪਹੁੰਚਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੱਸਟ ਦੀਆਂ ਟੀਮਾਂ (ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ) ਵੱਲੋਂ ਹਿੰਦ-ਪਾਕ ਬਾਰਡਰ ‘ਤੇ ਸਥਿਤ ਪਿੰਡਾਂ ਵਿਚ ਸੁੱਕਾ ਰਾਸ਼ਣ ਵੰਡਿਆ ਗਿਆ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਦਰਿਆ ਦੇ ਕੰਢੇ ਵਸੇ ਪਿੰਡਾਂ ਦੀਆਂ ਅਬਾਦੀ ਤੋਂ ਦੂਰ-ਦੂਰ ਢਾਣੀਆਂ ਜਿੱਥੇ ਲੋਕ ਕਾਫ਼ੀ ਦਿਨਾਂ ਤੋਂ ਫਸੇ ਹੋਏ ਹਨ, ਨੂੰ ਕਿਸ਼ਤੀਆਂ ਰਾਹੀਂ ਸੁੱਕਾ ਰਾਸ਼ਣ ਪਹੁੰਚਾਇਆ ਗਿਆ ਅਤੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਹਫਤਾ ਪਹਿਲਾਂ ਇਨ੍ਹਾਂ ਲੋਕਾਂ ਨੂੰ ਵੱਡੀ ਪੱਧਰ ‘ਤੇ ਪਸ਼ੂਆਂ ਲਈ ਹਰਾ ਚਾਰਾ ਅਤੇ ਫੀਡ ਵੀ ਮੁਹੱਈਆ ਕਰਵਾਈ ਗਈ ਸੀ। ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਣੀ ਦਾ ਪੱਧਰ ਇੱਥੇ ਹਰ ਰੋਜ਼ ਵੱਧ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਇਨ੍ਹਾਂ ਲੋਕਾਂ ਨੂੰ ਘਰ ਬਣਾਉਣ, ਨਵੀਆਂ ਫਸਲਾਂ ਬੀਜਣ, ਖੇਤਾਂ ਵਿਚੋਂ ਪਾਣੀ ਕੱਢਣ ਅਤੇ ਪਰਿਵਾਰ ਲਈ ਲੰਮੇ ਸਮੇਂ ਤੱਕ ਖਾਣ-ਪੀਣ ਦਾ ਸਮਾਨ ਆਦਿ ਦੀਆਂ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਪਰ ਦੂਸਰੇ ਪਾਸੇ ਪੰਜਾਬ ਦਾ ਪੁੱਤਰ ਡਾਕਟਰ ਐੱਸ.ਪੀ. ਸਿੰਘ ਓਬਰਾਏ ਇਨ੍ਹਾਂ ਲੋਕਾਂ ਨੂੰ ਆਪਣੀ ਟੀਮਾਂ ਰਾਹੀਂ ਸੁਨੇਹਾ ਭੇਜ ਕੇ ਲੰਮੇ ਸਮੇਂ ਤੱਕ ਇਨ੍ਹਾਂ ਪ੍ਰਭਾਵਿਤ ਲੋਕਾਂ ਨਾਲ ਖੜ੍ਹਨ ਲਈ ਅਤੇ ਹਰ ਸੰਭਵ ਮਦਦ ਲਈ ਹੌਂਸਲਾ ਦੇ ਰਹੇ ਹਨ। ਪ੍ਰਭਾਵਿਤ ਲੋਕਾਂ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਹਰਭਗਵਾਨ ਸਿੰਘ ਖੱਪਿਆਂਵਾਲ਼ੀ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪ੍ਰਧਾਨ ਮਹਿੰਦਰ ਸਿੰਘ, ਸਰਬਜੀਤ ਸਿੰਘ, ਜੰਗੀਰ ਸਿੰਘ ਬੋਗਾ, ਹਰਚਰਨ ਸਿੰਘ, ਗੁਰਵਿੰਦਰ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ।