#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ‘ਸੰਨੀ ਓਬਰਾਏ ਅਵਾਸ ਯੋਜਨਾ’ ਤਹਿਤ ਲੋੜਵੰਦ ਨੂੰ ਬਣਾ ਕੇ ਦੇਵੇਗਾ ਰਹਿਣਯੋਗ ਮਕਾਨ

-ਟਰੱਸਟ ਨੇ ਗਰੀਬ ਪਰਿਵਾਰਾਂ ਲਈ 620 ਘਰਾਂ ਦੀ ਕਰਵਾਈ ਮੁਰੰਮਤ; 480 ਬਣਾਏ ਨਵੇਂ ਘਰ : ਡਾ. ਓਬਰਾਏ
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਵੱਡੀ ਪੱਧਰ ‘ਤੇ ਸੰਨੀ ਓਬਰਾਏ ਅਵਾਸ ਯੋਜਨਾ ਤਹਿਤ ਪੰਜਾਬ ਵਿਚ ਗਰੀਬ ਪਰਿਵਾਰਾਂ ਨੂੰ ਵੱਡੀ ਪੱਧਰ ‘ਤੇ ਅਪਣਾ ਕੇ ਪੁਰਾਣੇ ਘਰਾਂ ਨੂੰ ਨਵ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਲੋੜਵੰਦਾਂ ਨੂੰ ਨਵੇਂ ਘਰ ਵੀ ਬਣਾ ਕੇ ਦਿੱਤੇ ਜਾ ਰਹੇ ਹਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜਿੰਦਰ ਸਿੰਘ ਅਟਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਇੱਕ ਬਜ਼ੁਰਗ ਗਰੀਬ ਵਿਧਵਾ ਜਿਸ ਦੇ ਨੌਜਵਾਨ ਪੁੱਤਰ ਦੀ ਵੀ ਕਾਫੀ ਚਿਰ ਪਹਿਲਾਂ ਮੌਤ ਹੋ ਚੁੱਕੀ ਹੈ, ਇਹ ਥੋੜ੍ਹੀ ਜਿਹੀ ਜਗ੍ਹਾ ਵਿਚ ਇੱਕ ਕੱਚੀ ਛੱਤ ਅਤੇ ਗਾਰੇ ਨਾਲ ਬਣੇ ਇੱਕ ਕਮਰੇ ਵਿਚ ਰਹਿ ਰਹੀ ਹੈ, ਬਾਰਸ਼ਾਂ ਦੌਰਾਨ ਸਾਰਾ ਪਾਣੀ ਅੰਦਰ ਜਾਂਦਾ ਹੈ। ਕੋਈ ਵੀ ਜ਼ਮੀਨ ਅਤੇ ਕੋਈ ਵੀ ਆਮਦਨ ਨਾ ਹੋਣ ਕਾਰਨ ਇਸ ਦੀ ਮੁਰੰਮਤ ਕਰਨ ਤੋਂ ਅਸਮਰਥ ਹੈ।
ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਜ਼ਰੀਏ ਇਸ ਬਜ਼ੁਰਗ ਵਿਧਵਾ ਨੂੰ ਰਹਿਣਯੋਗ ਜਗ੍ਹਾ ਬਣਾ ਕੇ ਦੇਣ ਲਈ ਡਾਕਟਰ ਓਬਰਾਏ ਨੂੰ ਬੇਨਤੀ ਕੀਤੀ ਗਈ ਸੀ। ਡਾਕਟਰ ਓਬਰਾਏ ਵੱਲੋਂ ਇਸ ਦੇ ਹਾਲਾਤ ਦੇਖਦੇ ਹੋਏ ਤਰੁੰਤ ਚਾਲੀ ਹਜ਼ਾਰ ਰੁਪਏ ਦੀ ਰਾਸ਼ੀ ਭੇਜ ਦਿੱਤੀ ਗਈ ਹੈ। ਬਾਕੀ ਸਮੇਂ-ਸਮੇਂ ਅਨੁਸਾਰ ਕਾਰਵਾਈ ਚੱਲਦੀ ਰਹੇਗੀ ਅਤੇ ਜਲਦੀ ਹੀ ਇਸ ਨੂੰ ਨਵਾਂ ਮਕਾਨ ਤਿਆਰ ਕਰਵਾ ਕੇ ਇਸ ਦੇ ਹਵਾਲੇ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਟਰੱਸਟ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਪਿੰਡਾਂ ਵਿਚ ਗਰੀਬ ਪਰਿਵਾਰਾਂ ਲਈ 620 ਘਰਾਂ ਦੀ ਮੁਰੰਮਤ ਕਰਵਾਈ ਅਤੇ 480 ਨਵੇਂ ਘਰ ਬਣਵਾਏ ਗਏ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਸਮੂਹ ਟੀਮ ਵੱਲੋਂ ਅਤੇ ਸਹਾਇਤਾ ਲੈ ਰਹੀ ਬਜ਼ੁਰਗ ਵਿਧਵਾ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ।