#PUNJAB

ਸਰਬਜੀਤ ਸਿੰਘ ਬਣੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ

ਲੁਧਿਆਣਾ, 6 ਮਾਰਚ (ਪੰਜਾਬ ਮੇਲ)- ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ 2024-26 ਲਈ ਹੋਈਆਂ ਚੋਣਾਂ ਵਿਚ ਸਰਬਜੀਤ ਗਰੁੱਪ ਨੇ ਪ੍ਰਧਾਨ, ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ‘ਤੇ ਹੂੰਝਾ ਫੇਰ ਜਿੱਤ ਦਰਜ ਕੀਤੀ। ਮੁੱਖ ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਵੋਟਿੰਗ ਦੌਰਾਨ ਕੁੱਲ 827 ਵੋਟਾਂ ਪਈਆਂ। ਇਸ ਦੌਰਾਨ ਪ੍ਰਧਾਨਗੀ ਦੇ ਉਮੀਦਵਾਰ ਡਾ. ਸਰਬਜੀਤ ਸਿੰਘ ਨੇ ਡਾ. ਲਖਵਿੰਦਰ ਸਿੰਘ ਜੌਹਲ ਨੂੰ 218 ਵੋਟਾਂ ਨਾਲ ਹਰਾਇਆ। ਜਨਰਲ ਸਕੱਤਰ ਦੇ ਮੁਕਾਬਲੇ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਡਾ. ਗੁਰਇਕਬਾਲ ਸਿੰਘ ਨੂੰ 120 ਵੋਟਾਂ ਨਾਲ, ਜਦਕਿ ਸੀਨੀਅਰ ਮੀਤ ਪ੍ਰਧਾਨ ਦੇ ਮੁਕਾਬਲੇ ਵਿਚ ਡਾ. ਪਾਲ ਕੌਰ ਨੇ ਡਾ. ਸ਼ਿੰਦਰਪਾਲ ਸਿੰਘ ਨੂੰ 150 ਵੋਟਾਂ ਨਾਲ ਹਰਾਇਆ। ਪੰਜਾਬੀ ਸਾਹਿਤ ਅਕੈਡਮੀ ਦੀਆਂ ਹਰੇਕ ਦੋ ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਲੇਖਕ ਵਰਗ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਧਾਨਗੀ ਦੇ ਅਹੁਦੇ ਲਈ ਮੁੱਖ ਮੁਕਾਬਲਾ ਲਖਵਿੰਦਰ ਸਿੰਘ ਜੌਹਲ ਅਤੇ ਡਾ. ਸਰਬਜੀਤ ਸਿੰਘ ਵਿਚਾਲੇ ਸੀ। ਇਸ ਮੁਕਾਬਲੇ ਵਿਚ ਡਾ. ਸਰਬਜੀਤ ਨੂੰ 497 ਜਦਕਿ ਡਾ. ਜੌਹਲ ਨੂੰ 279 ਵੋਟਾਂ ਪਈਆਂ।
ਪ੍ਰਧਾਨਗੀ ਦੇ ਅਹੁਦੇ ਲਈ ਤੀਜੀ ਉਮੀਦਵਾਰ ਬੇਅੰਤ ਕੌਰ ਨੂੰ ਸਿਰਫ 41 ਵੋਟਾਂ ਹੀ ਮਿਲੀਆਂ। ਇਸ ਮੁਕਾਬਲੇ ਵਿਚ ਡਾ. ਸਰਬਜੀਤ ਸਿੰਘ 218 ਵੋਟਾਂ ਨਾਲ ਜੇਤੂ ਐਲਾਨੇ ਗਏ। ਜਨਰਲ ਸਕੱਤਰ ਦੇ ਮੁਕਾਬਲੇ ਵਿਚ ਫਸਵੀਂ ਟੱਕਰ ਦੇਖਣ ਨੂੰ ਮਿਲੀ। ਸਰਬਜੀਤ ਗਰੁੱਪ ਵੱਲੋਂ ਡਾ. ਗੁਲਜ਼ਾਰ ਪੰਧੇਰ ਨੂੰ 464 ਵੋਟਾਂ, ਜਦਕਿ ਦੂਜੇ ਗਰੁੱਪ ਦੇ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੂੰ 344 ਵੋਟਾਂ ਪਈਆਂ।
ਡਾ. ਪੰਧੇਰ 120 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਹੋਏ ਮੁਕਾਬਲੇ ਵਿਚ ਡਾ. ਪਾਲ ਕੌਰ ਨੂੰ 479 ਵੋਟਾਂ ਪਈਆਂ, ਜਦਕਿ ਡਾ. ਸ਼ਿੰਦਰਪਾਲ ਸਿੰਘ ਨੂੰ 329 ਵੋਟਾਂ ਮਿਲੀਆਂ। ਡਾ. ਪਾਲ ਕੌਰ 150 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਬੇਦੀ ਨੇ ਦੱਸਿਆ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾਲ ਜੇਤੂ ਰਹੇ।