ਗੁਰੂਸਰ ਸੁਧਾਰ, 28 ਸਤੰਬਰ (ਪੰਜਾਬ ਮੇਲ)- ਬਲਾਕ ਸੁਧਾਰ ‘ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਚੱਲਦਿਆਂ ਨਾਮਜ਼ਦਗੀ ਦੇ ਪਹਿਲੇ ਦਿਨ ਸਰਪੰਚ-ਪੰਚ ਅਹੁਦੇ ਦੇ ਚਾਹਵਾਨ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਨਾ ਮਿਲਣ ਉਤੇ ਵੱਡੀ ਖੱਜਲ-ਖ਼ੁਆਰੀ ਦੇਖਣ ਨੂੰ ਮਿਲੀ। ਉਥੇ ਹੀ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਏ.ਆਰ.ਓ. ਦੇ ਬੈਠਣ ਵਾਲੀ ਜਗ੍ਹਾ ਬਾਰੇ ਬਣੀ ਅਨਿਸ਼ਚਿਤਾ ਕਾਰਨ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਪ੍ਰੇਸ਼ਾਨ ਦਿਖਾਈ ਦਿੱਤੇ।
‘ਆਪ’ ਸਰਕਾਰ ਵਲੋਂ ਪੰਚਾਇਤੀ ਚੋਣਾਂ ਕਰਵਾਉਣ ਦੇ ਕਾਹਲੀ ਭਰੇ ਰਵੱਈਏ ਕਾਰਨ ਇਨ੍ਹਾਂ ਚੋਣਾਂ ਨੂੰ ਲੜਨ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਪੰਚੀ ਤੇ ਸਰਪੰਚ ਅਹੁਦੇ ਦੇ ਰਾਖਵਾਂਕਰਨ ਦੀਆਂ ਸੂਚੀਆਂ ਪ੍ਰਾਪਤ ਹੋਈਆਂ ਪਰ ਵੋਟਰ ਸੂਚੀਆਂ ਹਲੇ ਤੱਕ ਪ੍ਰਾਪਤ ਨਹੀਂ ਹੋਈਆਂ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਪੱਧਰ ਉਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਨਾਮਜ਼ਦਗੀ ਭਰਨ ਦੇ ਪਹਿਲੇ ਦਿਨ ਵੀ ਵੋਟਰ ਸੂਚੀਆਂ ਨਾ ਮਿਲਣਾ ਪੰਜਾਬ ਸਰਕਾਰ ਵਲੋਂ ਪੰਚਾਇਤੀ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸੰਬੰਧੀ ਗੈਰ-ਸੰਜੀਦਗੀ ਨੂੰ ਪ੍ਰਗਟਾਉਂਦਾ ਨਜ਼ਰ ਆ ਰਿਹਾ ਹੈ। ਬੀ.ਡੀ.ਪੀ.ਓ. ਦਫ਼ਤਰ ਸੁਧਾਰ ‘ਚ ਚੋਣ ਲੜਨ ਦੇ ਉਮੀਦਵਾਰਾਂ ਵਲੋਂ ‘ਆਪ’ ਸਰਕਾਰ ‘ਤੇ ਪੱਖਪਾਤੀ ਰਵੱਈਏ ਦਾ ਦੋਸ਼ ਲਾਉਂਦਿਆਂ ਆਪਣੇ ਚਹੇਤਿਆਂ ਨੂੰ ਚੋਰ ਮੋਰੀ ਰਾਹੀਂ ਲਿਸਟਾਂ, ਨਾਮਜ਼ਦਗੀ ਭਾਰਮ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਉਮੀਦਵਾਰ ਨੂੰ ਨਾਮਜ਼ਦਗੀ ਫਾਰਮ ਤੇ ਵੋਟਰ ਸੂਚੀਆਂ ਨਾ ਦੇ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।