#INDIA

ਸਰਕਾਰ ਨੇ ਹਿੰਦੁਸਤਾਨ ਨੂੰ ਅਭਿਮੰਨਿਊ ਵਾਂਗ ਚੱਕਰਿਵਊ ‘ਚ ਫਸਾਇਆ: ਰਾਹੁਲ ਗਾਂਧੀ

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਹਿੰਦੁਸਤਾਨ ਦੇ ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਅਭਿਮੰਨਿਊ ਵਾਂਗ ਚੱਕਰਿਵਊ ਵਿਚ ਫਸਾ ਦਿੱਤਾ ਗਿਆ ਹੈ। ਉਨ੍ਹਾਂ ਲੋਕ ਸਭਾ ਵਿਚ ਕੇਂਦਰੀ ਬਜਟ ‘ਤੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਛੇ ਜਣਿਆਂ ਨੇ ਅਭਿਮੰਨਿਊ ਨੂੰ ਚੱਕਰਵਿਊ ਵਿਚ ਫਸਾ ਕੇ ਮਾਰਿਆ ਸੀ, ਚੱਕਰਵਿਊ ਦਾ ਦੂਜਾ ਨਾਮ ਹੈ ‘ਪਦਮਾਵਿਊ’ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ, ਜਿਸ ਵਿਚ ਡਰ ਅਤੇ ਹਿੰਸਾ ਹੁੰਦੀ ਹੈ। ਇਸ ਦੌਰਾਨ ਰਾਹੂਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦਾ ਨਾਮ ਲਿਆ, ਜਿਨ੍ਹਾਂ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਤਰਾਜ਼ ਜਤਾਇਆ। ਕਾਂਗਰਸੀ ਆਗੂ ਨੇ ਦਾਅਵਾ ਕੀਤਾ, ਜਿਸ ਤਰ੍ਹਾਂ ਸੈਨਾ ਦੇ ਜਵਾਨਾਂ ਨੂੰ ਅਗਨੀਪਥ ਦੇ ਚੱਕਰਵਿਊ ਵਿਚ ਫਸਾਇਆ ਗਿਆ ਹੈ, ਉਸ ਤਰ੍ਹਾਂ ਕੇਂਦਰ ਸਰਕਾਰ ਨੇ ਪੂਰੇ ਹਿੰਦੁਸਤਾਨ ਨੂੰ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਨਦਾਤਾ ਨੇ ਚੱਕਰਵਿਊ ਤੋਂ ਨਿਕਲਣ ਲਈ ਐੱਮ.ਐੱਸ.ਪੀ. ਦੀ ਮੰਗ ਕੀਤੀ ਸੀ, ਪਰ ਐੱਮ.ਐੱਸ.ਪੀ. ਨਹੀਂ ਦਿੱਤੀ ਗਈ। ਰਾਹੁਲ ਗਾਂਧੀ ਨੇ ਇੰਡੀਆ ਗੱਠਜੋੜ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਦੇਵਾਂਗੇ।